ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਨੇ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਸੈਂਪਲ ਲਏ

Tuesday, Apr 14, 2026 - 08:06 PM (IST)

ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਨੇ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਸੈਂਪਲ ਲਏ

ਮਾਛੀਵਾੜਾ ਸਾਹਿਬ, (ਟੱਕਰ)- ਪਿਛਲੇ ਦਿਨੀਂ ਪੰਜਾਬ ਵਿਚ ਗੜ੍ਹੇਮਾਰੀ, ਮੀਂਹ ਅਤੇ ਵੱਧ ਤਾਪਮਾਨ ਕਾਰਨ ਕਣਕ ਦੀ ਪ੍ਰਭਾਵਿਤ ਹੋਈ ਫਸਲ ਜਦੋਂ ਵਿਕਣ ਲਈ ਅਨਾਜ ਮੰਡੀ ਵਿਚ ਆਈ ਤਾਂ ਇਸ ਦੇ ਦਾਣੇ ਵਿਚ ਸਮੱਸਿਆ ਆਉਣ ’ਤੇ ਸਰਕਾਰੀ ਖਰੀਦ ਏਜੰਸੀਆਂ ਨੇ ਇਸ ਨੂੰ ਖਰੀਦਣ ਤੋਂ ਇੰਨਕਾਰ ਕਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਖਰੀਦ ਦੇ ਮਾਪਦੰਡਾਂ ’ਚ ਰਾਹਤ ਦੇਣ। 

ਕੇਂਦਰ ਸਰਕਾਰ ਵਲੋਂ ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਭਾਰਤੀ ਖੁਰਾਕ ਨਿਗਮ ਦੀ ਟੀਮ ਦੇਰ ਸ਼ਾਮ ਪੁੱਜੀ, ਜਿਸ ਨੇ ਮੰਡੀਆਂ ਵਿਚ ਵਿਕਣ ਆਈ ਕਣਕ ਫਸਲ ਦੀਆਂ ਵੱਖ-ਵੱਖ ਢੇਰੀਆਂ ਤੋਂ ਸੈਂਪਲ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਨਗ੍ਰੇਨ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਦੀ ਟੀਮ ਵਲੋਂ ਅੱਜ ਸੈਂਪਲ ਭਰ ਲਏ ਗਏ ਹਨ ਜਿਸ ਵਿਚ ਸਾਹਮਣੇ ਆਇਆ ਕਿ ਕਣਕ ਫਸਲ ਦੀ ਲਸਟਰ ਲਾਸ ਅਤੇ ਬਰੀਕ ਦਾਣਾ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਵਲੋਂ ਵੱਖ-ਵੱਖ ਮੰਡੀਆਂ ’ਚੋਂ ਸੈਂਪਲ ਭਰ ਕੇ ਚੰਡੀਗੜ੍ਹ ਲੈਬ ਵਿਚ ਭੇਜੇ ਗਏ ਹਨ ਜਿੱਥੇ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਗੜ੍ਹੇਮਾਰੀ ਕਾਰਨ ਕਿੰਨੀ ਫਸਲ ਪ੍ਰਭਾਵਿਤ ਹੋਈ ਹੈ। 

PunjabKesari

ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਜੋ ਫਸਲ ਮਾਪਦੰਡਾਂ ’ਤੇ ਖ਼ਰੀ ਉਤਰ ਰਹੀ ਹੈ ਉਸ ਨੂੰ ਖਰੀਦਿਆ ਜਾ ਰਿਹਾ ਹੈ ਅਤੇ ਬਾਕੀ ਸਰਕਾਰ ਵਲੋਂ ਜੋ ਮਾਪਦੰਡ ਵਿਚ ਰਾਹਤ ਆਵੇਗੀ ਉਸ ਤੋਂ ਬਾਅਦ ਖਰੀਦ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਵਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਈ ਟੀਮ ਨੇ ਫਸਲ ਸੈਂਪਲਿੰਗ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਜਲਦ ਹੀ ਉਹ ਮਾਪਦੰਡਾਂ ’ਚ ਰਾਹਤ ਦਾ ਐਲਾਨ ਕਰੇ ਤਾਂ ਜੋ ਫਸਲ ਤੁਰੰਤ ਵਿਕ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮਾਪਦੰਡਾਂ ’ਚ ਦੇਰੀ ਹੋਈ ਤਾਂ ਮੰਡੀਆਂ ਵਿਚ ਫਸਲ ਢੇਰੀ ਕਰਨ ਲਈ ਜਗ੍ਹਾ ਨਹੀਂ ਬਚੇਗੀ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਪਨਗ੍ਰੇਨ ਦੇ ਜ਼ਿਲਾ ਅਫ਼ਸਰ ਲਖਮੀਰ ਸਿੰਘ, ਏਐੱਫਐੱਸਓ ਬਲਰਾਜ ਸਿੰਘ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਮੈਨੇਜਰ ਤਰਸਦੀਪ ਸਿੰਘ, ਇੰਸਪੈਕਟਰ ਹਰਫੂਲ ਸਿੰਘ ਅਤੇ ਹੋਰ ਏਜੰਸੀਆਂ ਦੇ ਉੱਚ ਅਧਿਕਾਰੀ ਮੌਜੂਦ ਸਨ।


author

Rakesh

Content Editor

Related News