ਚਿਹਰੇ ਦੀ ਰੰਗਤ ਨਿਖਾਰਨ ਲਈ ਕਰੋ ਘਰ ''ਚ ਬਣੇ ਖੀਰੇ ਦੇ ਫੇਸ ਪੈਕ ਦੀ ਵਰਤੋਂ
Thursday, Aug 15, 2024 - 03:33 PM (IST)
ਜਲੰਧਰ (ਬਿਊਰੋ) : ਖੀਰਾ ਸੁੰਦਰਤਾ ਨੂੰ ਵਧਾਉਣ ਲਈ ਬਹੁਤ ਲਾਹੇਵੰਦ ਹੈ। ਇਸ ਦੀ ਵਰਤੋਂ ਨਾਲ ਚਮੜੀ ਬਹੁਤ ਨਰਮ-ਮੁਲਾਇਮ ਤੇ ਨਿਖਰੀ ਹੋਈ ਬਣ ਜਾਂਦੀ ਹੈ। ਖੀਰੇ ‘ਚ ਐਂਟੀ-ਇਨਫਲੇਮੇਟਰੀ ਗੁਣ ਹੋਣ ਦੇ ਨਾਲ-ਨਾਲ ਬਹੁਤ ਸਾਰੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਖੀਰਾ ਵਿਟਾਮਿਨ-ਸੀ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਖੀਰੇ ਦਾ ਉਪਯੋਗ ਬੇਹਤਰੀਨ ਫੇਸ ਪੈਕ ਬਣਾਉਣ ਲਈ ਕੀਤਾ ਜਾ ਸਕਦਾ ਹੈ।
ਖੀਰੇ ਨਾਲ ਸਕਿਨ ਨੂੰ ਹੋਣ ਵਾਲੇ ਫਾਇਦੇ
ਖੀਰੇ ਵਿੱਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਖੀਰਾ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਚਿਹਰੇ ‘ਤੇ ਖੀਰਾ ਲਗਾਉਣ ਨਾਲ ਸੋਜਸ਼, ਪਫੀਨੇਸ, ਮੁਹਾਸੇ ਦੂਰ ਹੋ ਜਾਂਦੇ ਹਨ। ਖੀਰੇ ਵਿਚ 96% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦੇਣ ‘ਚ ਮਦਦ ਕਰਦਾ ਹੈ।
ਖੀਰੇ ਦਾ ਫੇਸ ਮਾਸਕ ਪੈਕ
ਜੇ ਤੁਸੀਂ ਬਹੁਤ ਥੋੜੇ ਸਮੇਂ ਵਿਚ ਆਪਣੀ ਸਕਿਨ ‘ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ‘ਤੇ ਇਸ ਫੇਸ ਮਾਸਕ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਛਿੱਲ ਲਓ। ਹੁਣ ਇਸ ਨੂੰ ਫਿਲਟਰ ਕਰੋ ਅਤੇ ਇਸ ਵਿਚੋਂ ਰਸ ਕੱਢ ਲਓ। ਇਸ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰ ਲਓ। ਹੁਣ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਜਾਂ ਕੋਸੇ ਪਾਣੀ ਨਾਲ ਧੋ ਲਵੋ।
ਵਿਧੀ
ਖੁਸ਼ਕ ਸਕਿਨ ਲਈ ਖੀਰੇ ਦਾ ਫੇਸ ਪੈਕ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ ਦੇ ਨਾਲ-ਨਾਲ ਐਲੋਵੇਰਾ ਵੀ ਸਕਿਨ ਨੂੰ ਹਾਈਡਰੇਟ ਕਰਦਾ ਹੈ। ਖੀਰੇ ਦੇ ਰਸ ਦੋ ਚਮਚ ਐਲੋਵੇਰਾ ਜੈੱਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਇਹ ਫੇਸ ਮਾਸਕ ਲਗਾ ਕੇ ਚਿਹਰੇ ਦੀ ਹਲਕੀ-ਹਲਕੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ’ਤੇ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
ਖੀਰੇ ਅਤੇ ਓਟਮੀਲ ਦਾ ਫੇਸ ਪੈਕ
ਇਹ ਮਾਸਕ ਮੁਹਾਂਸਿਆਂ ਵਾਲੀ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ। ਖੀਰੇ ਵਿਚ ਐਸਟ੍ਰਿੰਜੈਂਟ ਗੁਣ ਹੁੰਦੇ ਹਨ, ਜਦੋਂਕਿ ਓਟਮੀਲ ਸਕਿਨ ਨਾਲ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਉਸ ਨੂੰ ਐਕਸਫੋਲਿਏਟ ਕਰਨ ‘ਚ ਮਦਦ ਕਰਦਾ ਹੈ। ਸ਼ਹਿਦ ਸਕਿਨ ਵਿਚਲੇ ਬੈਕਟੀਰੀਆ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦਾ ਹੈ।
ਵਿਧੀ
ਇਸ ਵਿਧੀ ਲਈ ਅੱਧਾ ਖੀਰਾ ਲਓ ਅਤੇ ਇਸ ਦਾ ਰਸ ਕੱਢ ਲਓ। ਹੁਣ ਇਸ ‘ਚ ਇੱਕ ਚਮਚ ਓਟਮੀਲ ਮਿਲਾਓ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਓ। ਹੁਣ ਇਸ ‘ਚ ਇਕ ਚੱਮਚ ਸ਼ਹਿਦ ਮਿਲਾਓ ਅਤੇ ਇਸ ਦਾ ਪੇਸਟ ਬਣਾ ਲਓ। ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ ਅਤੇ ਉਂਗਲਾਂ ਨਾਲ ਮਾਲਸ਼ ਕਰੋ। ਇਸ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ ਤੇ ਬਾਅਦ ‘ਚ ਮੂੰਹ ਨੂੰ ਕੋਸੇ ਪਾਣੀ ਨਾਲ ਧੋ ਲਓ।