Lipstic ਲਗਾਉਣ ਦਾ ਕੀ ਹੈ ਸਹੀ ਤਰੀਕਾ, ਕਿਧਰੇ ਤੁਹਾਡੇ ਬੁਲ ਤਾਂ ਨਹੀਂ ਹੋ ਰਹੇ ਕਾਲੇ, ਧਿਆਨ 'ਚ ਰੱਖੋ ਇਹ 5 ਗੱਲਾਂ

Sunday, Mar 08, 2026 - 03:42 PM (IST)

Lipstic ਲਗਾਉਣ ਦਾ ਕੀ ਹੈ ਸਹੀ ਤਰੀਕਾ, ਕਿਧਰੇ ਤੁਹਾਡੇ ਬੁਲ ਤਾਂ ਨਹੀਂ ਹੋ ਰਹੇ ਕਾਲੇ, ਧਿਆਨ 'ਚ ਰੱਖੋ ਇਹ 5 ਗੱਲਾਂ

ਵੈੱਬ ਡੈਸਕ - ਲਿਪਸਟਿਕ ਮੇਕਅਪ ਦਾ ਇਕ ਅਹਿਮ ਹਿੱਸਾ ਹੈ ਜੋ ਚਿਹਰੇ ਦੀ ਖੂਬਸੂਰਤੀ ਨੂੰ ਤੁਰੰਤ ਨਿਖਾਰਨ ਅਤੇ ਆਤਮ-ਵਿਸ਼ਵਾਸ ਵਧਾਉਣ 'ਚ ਮਦਦ ਕਰਦੀ ਹੈ। ਖਾਸ ਕਰਕੇ ਦਫਤਰੀ ਕੰਮਕਾਜ ਵਾਲੀਆਂ ਮਹਿਲਾਵਾਂ ਰੋਜ਼ਾਨਾ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ ਪਰ ਇਸ ਦੀ ਸਹੀ ਵਰਤੋਂ ਨਾ ਕਰਨ ਨਾਲ ਬੁੱਲ੍ਹਾਂ 'ਚ ਖੁਸ਼ਕੀ, ਐਲਰਜੀ ਅਤੇ ਪਿਗਮੈਂਟੇਸ਼ਨ (ਕਾਲਾਪਨ) ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਰੋਤਾਂ ਅਨੁਸਾਰ, ਜੇਕਰ ਤੁਸੀਂ ਰੋਜ਼ਾਨਾ ਲਿਪਸਟਿਕ ਲਗਾਉਂਦੇ ਹੋ, ਤਾਂ ਆਪਣੇ ਬੁੱਲ੍ਹਾਂ ਦੀ ਖੂਬਸੂਰਤੀ ਬਣਾਈ ਰੱਖਣ ਲਈ ਹੇਠ ਲਿਖੀਆਂ 5 ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ :-

ਬੁੱਲ੍ਹਾਂ ਨੂੰ ਮੋਇਸਚਰਾਈਜ਼ ਕਰਨਾ
- ਕਦੇ ਵੀ ਬੁੱਲ੍ਹਾਂ 'ਤੇ ਸਿੱਧੀ ਲਿਪਸਟਿਕ ਨਾ ਲਗਾਓ, ਕਿਉਂਕਿ ਇਸ 'ਚ ਮੌਜੂਦ ਕੈਮੀਕਲ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪ ਬਾਮ, ਬਦਾਮ ਦਾ ਤੇਲ, ਵਿਟਾਮਿਨ-ਈ ਜਾਂ ਨਾਰੀਅਲ ਤੇਲ ਦੀ ਵਰਤੋਂ ਕਰਕੇ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਮੋਇਸਚਰਾਈਜ਼ ਕਰੋ। ਇਸ ਨਾਲ ਬੁੱਲ੍ਹ ਮੁਲਾਇਮ ਰਹਿੰਦੇ ਹਨ।

ਰਾਤ ਨੂੰ ਸੌਣ ਤੋਂ ਪਹਿਲਾਂ ਸਫਾਈ
- ਦਿਨ ਭਰ ਲਿਪਸਟਿਕ ਲਗਾਉਣ ਤੋਂ ਬਾਅਦ ਰਾਤ ਨੂੰ ਇਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਬਿਨਾਂ ਮੇਕਅਪ ਹਟਾਏ ਸੌਣ ਨਾਲ ਨਾ ਸਿਰਫ਼ ਬੁੱਲ੍ਹ ਕਾਲੇ ਹੁੰਦੇ ਹਨ, ਸਗੋਂ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਨਿਸ਼ਾਨ ਵੀ ਦਿਖਾਈ ਦੇ ਸਕਦੇ ਹਨ। ਸੌਣ ਤੋਂ ਪਹਿਲਾਂ ਮੇਕਅਪ ਰਿਮੂਵਰ ਜਾਂ ਨਾਰੀਅਲ ਤੇਲ ਨਾਲ ਲਿਪਸਟਿਕ ਜ਼ਰੂਰ ਹਟਾਓ।

ਹਫਤਾਵਾਰੀ ਸਕ੍ਰਬ 
- ਰੋਜ਼ਾਨਾ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ 'ਤੇ ਮਰੀ ਹੋਈ ਚਮੜੀ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਇਸ ਨੂੰ ਹਟਾਉਣ ਲਈ ਹਫਤੇ 'ਚ ਇਕ ਜਾਂ ਦੋ ਵਾਰ ਹਲਕਾ ਸਕ੍ਰਬ ਜ਼ਰੂਰ ਕਰੋ ਤਾਂ ਜੋ ਬੁੱਲ੍ਹ ਸਾਫ਼ ਅਤੇ ਸੁੰਦਰ ਬਣੇ ਰਹਿਣ।

ਲਿਪਸਟਿਕ ਤੋਂ ਬ੍ਰੇਕ ਲਓ
- ਰੋਜ਼ਾਨਾ ਭਾਰੀ ਜਾਂ ਮੈਟ ਲਿਪਸਟਿਕ ਲਗਾਉਣ ਦੀ ਬਜਾਏ ਬੁੱਲ੍ਹਾਂ ਨੂੰ ਵਿਚ-ਵਿਚਾਲੇ ਆਰਾਮ ਵੀ ਦਿਓ। ਜਦੋਂ ਬਹੁਤ ਜ਼ਰੂਰੀ ਨਾ ਹੋਵੇ, ਤਾਂ ਲਿਪਸਟਿਕ ਦੀ ਥਾਂ ਸਿਰਫ਼ ਹਾਈਡ੍ਰੇਟਿੰਗ ਲਿਪ ਬਾਮ ਜਾਂ ਹਲਕੇ ਟਿੰਟ ਦੀ ਵਰਤੋਂ ਕਰੋ।

ਵਧੀਆ ਕੁਆਲਿਟੀ ਅਤੇ ਐਕਸਪਾਇਰੀ ਦੀ ਜਾਂਚ
- ਹਮੇਸ਼ਾ ਭਰੋਸੇਮੰਦ ਬ੍ਰਾਂਡ ਦੀ ਲਿਪਸਟਿਕ ਹੀ ਖਰੀਦੋ। ਬਾਜ਼ਾਰ 'ਚ ਮੌਜੂਦ ਕਈ ਲੰਬਾ ਸਮਾਂ ਟਿਕਣ ਵਾਲੀਆਂ ਲਿਪਸਟਿਕਾਂ 'ਚ ਹਾਨੀਕਾਰਕ ਕੈਮੀਕਲ ਹੋ ਸਕਦੇ ਹਨ। ਖਰੀਦਣ ਵੇਲੇ ਵਰਤੇ ਗਏ ਤੱਤਾਂ ਤੇ ਐਕਸਪਾਇਰੀ ਡੇਟ ਦੀ ਜਾਂਚ ਕਰਨਾ ਕਦੇ ਨਾ ਭੁੱਲੋ।

ਇਨ੍ਹਾਂ ਛੋਟੀਆਂ ਪਰ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਲਿਪਸਟਿਕ ਦੇ ਨਾਲ-ਨਾਲ ਆਪਣੇ ਬੁੱਲ੍ਹਾਂ ਦੀ ਕੁਦਰਤੀ ਚਮਕ ਅਤੇ ਕੋਮਲਤਾ ਨੂੰ ਵੀ ਬਰਕਰਾਰ ਰੱਖ ਸਕਦੇ ਹੋ।


author

Sunaina

Content Editor

Related News