ਇੰਝ ਕਰੋ ਅਸਲੀ ਸ਼ਹਿਦ ਦੀ ਪਛਾਣ, ਬੇਹੱਦ ਆਸਾਨ ਨੇ ਸਟੈਪਸ

Wednesday, Sep 04, 2024 - 06:56 PM (IST)

ਇੰਝ ਕਰੋ ਅਸਲੀ ਸ਼ਹਿਦ ਦੀ ਪਛਾਣ, ਬੇਹੱਦ ਆਸਾਨ ਨੇ ਸਟੈਪਸ

ਜਲੰਧਰ- ਸ਼ਹਿਦ ਕੁਦਰਤ ਦਾ ਅਜਿਹਾ ਤੋਹਫਾ ਹੈ ਜਿਸ ਦੇ ਇੱਕ ਨਹੀਂ ਸਗੋਂ ਅਨੇਕਾਂ ਫਾਇਦੇ ਹਨ, ਕਿਉਂਕਿ ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਮੌਜੂਦਾ ਸਮੇਂ 'ਚ ਸ਼ਹਿਦ ਦਾ ਕਾਰੋਬਾਰ ਔਫਲਾਈਨ ਅਤੇ ਔਨਲਾਈਨ ਦੋਹਾਂ ਤਰ੍ਹਾਂ ਨਾਲ ਵਧ ਰਿਹਾ ਹੈ। ਪਰ ਕਈ ਵਾਰ ਅਸੀਂ ਮਿਲਾਵਟੀ ਜਾਂ ਨਕਲੀ ਸ਼ਹਿਦ ਵੀ ਦੇਖਦੇ ਹਾਂ। ਸ਼ਹਿਦ ਦੀ ਸਹੀ ਪਛਾਣ ਨਾ ਹੋਣ ਕਾਰਨ ਅਸੀਂ ਅਸਲੀ-ਨਕਲੀ ਸ਼ਹਿਦ ਵਿੱਚ ਫਰਕ ਨਹੀਂ ਕਰ ਪਾਉਂਦੇ। ਅਜਿਹੇ 'ਚ ਆਓ ਜਾਣਦੇ ਹਾਂ ਸ਼ਹਿਦ ਦੀ ਪਛਾਣ ਕਰਨ ਦੇ ਇਹ 5 ਤਰੀਕੇ।

ਸ਼ਹਿਦ ਵਿੱਚ ਹਾਈ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ, ਇਸ ਲਈ ਸ਼ਹਿਦ ਦੀ ਵਰਤੋਂ ਦਵਾਈ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇਨ੍ਹਾਂ ਗੁਣਾਂ ਕਾਰਨ ਬਾਜ਼ਾਰ ਵਿੱਚ ਸ਼ਹਿਦ ਦੀ ਮੰਗ ਵੀ ਬਹੁਤ ਜ਼ਿਆਦਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਸ਼ਹਿਦ ਕੰਪਨੀਆਂ ਬਾਜ਼ਾਰ ਵਿੱਚ ਆ ਗਈਆਂ ਹਨ, ਇਨ੍ਹਾਂ ਵਿਚੋਂ ਕੁਝ ਨਕਲੀ ਸ਼ਹਿਦ ਵੀ ਬਣਾ ਕੇ ਵੇਚ ਰਹੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਨਕਲੀ ਅਤੇ ਅਸਲੀ ਸ਼ਹਿਦ ਦੀ ਪਛਾਣ ਕਿਵੇਂ ਕਰਨੀ ਇਸ ਬਾਰੇ ਦੱਸਾਂਗੇ।

ਅਸਲੀ-ਨਕਲੀ ਸ਼ਹਿਦ ਦੀ ਪਛਾਣ ਕਰਨ ਦੇ 5 ਤਰੀਕੇ:

1. ਗਰਮ ਪਾਣੀ ਨਾਲ ਚੈੱਕ ਕਰੋ
ਇੱਕ ਗਲਾਸ ਗਰਮ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ। ਜੇਕਰ ਸ਼ਹਿਦ ਪਾਣੀ ਦੇ ਤਲ 'ਤੇ ਬੈਠ ਜਾਵੇ ਤਾਂ ਸ਼ਹਿਦ ਅਸਲੀ ਹੈ, ਪਰ ਜੇਕਰ ਇਹ ਪਾਣੀ 'ਚ ਘੁਲ ਜਾਵੇ ਤਾਂ ਸਮਝ ਜਾਓ ਸ਼ਹਿਦ ਨਕਲੀ ਹੈ।

2. ਅੱਗ ਤੋਂ ਸ਼ਹਿਦ ਦੀ ਪਛਾਣ

ਮਾਚਿਸ ਦੀ ਇੱਕ ਤੀਲੀ 'ਤੇ ਰੂੰ ਲਪੇਟੋ ਅਤੇ ਇਸ 'ਤੇ ਸ਼ਹਿਦ ਲਗਾਓ। ਥੋੜ੍ਹੀ ਦੇਰ ਬਾਅਦ ਇਸ ਤੀਲੀ ਨੂੰ ਅੱਗ 'ਤੇ ਰੱਖ ਦਿਓ। ਜੇਕਰ ਰੂੰ ਸੜਨ ਲੱਗੇ ਤਾਂ ਇਸਦਾ ਮਤਲਬ ਸ਼ਹਿਦ ਸ਼ੁੱਧ ਹੈ।

3. ਬਰੈੱਡ ਤੋਂ ਸ਼ਹਿਦ ਦੀ ਪਛਾਣ

ਬਰੈੱਡ 'ਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਲਗਾਓ ਅਤੇ 5 ਮਿੰਟ ਲਈ ਛੱਡ ਦਿਓ। ਜੇਕਰ ਬਰੈੱਡ ਨਰਮ ਜਾਂ ਗਿੱਲੀ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਹਿਦ ਮਿਲਾਵਟੀ ਹੈ।

4. ਅੰਗੂਠੇ-ਉਂਗਲੀ ਨਾਲ ਸ਼ਹਿਦ ਦੀ ਜਾਂਚ

ਅੰਗੂਠੇ ਅਤੇ ਉਂਗਲੀ ਦੇ ਵਿਚਕਾਰ ਸ਼ਹਿਦ ਦੀ ਇੱਕ ਬੂੰਦ ਪਾਓ ਅਤੇ ਇਸਦੀ ਤਾਰ ਦੇਖੋ। ਜੇਕਰ ਸ਼ਹਿਦ ਅਸਲੀ ਹੈ ਤਾਂ ਤਾਰ ਮੋਟੀ ਹੋਵੇਗੀ ਅਤੇ ਅੰਗੂਠੇ ਨਾਲ ਚਿਪਕ ਜਾਵੇਗੀ।

5. ਸਿਰਕੇ ਨਾਲ ਸ਼ਹਿਦ ਦੀ ਪਛਾਣ

ਇੱਕ ਗਲਾਸ ਵਿੱਚ ਇੱਕ ਚੱਮਚ ਸ਼ਹਿਦ, ਸਿਰਕੇ ਦੀਆਂ 2-3 ਬੂੰਦਾਂ ਅਤੇ ਥੋੜ੍ਹਾ ਜਿਹਾ ਪਾਣੀ ਪਾਓ। ਇਸ ਨੂੰ 2 ਤੋਂ 3 ਮਿੰਟ ਲਈ ਛੱਡ ਦਿਓ। ਜੇਕਰ ਝੱਗ ਉੱਠ ਰਹੀ ਹੈ ਤਾਂ ਸ਼ਹਿਦ ਸ਼ੁੱਧ ਨਹੀਂ ਹੈ।
 


author

Tarsem Singh

Content Editor

Related News