ਲਾੜੀਆਂ ਦੀ ਸੁੰਦਰਤਾ ਵਧਾ ਰਹੇ ਟ੍ਰੈਂਡੀ ਕਲੀਰੇ
Sunday, Jul 06, 2025 - 10:46 AM (IST)

ਨੈਸ਼ਨਲ ਡੈਸਕ- ਹਰ ਮੁਟਿਆਰ ਆਪਣੇ ਵਿਆਹ ’ਚ ਸਭ ਤੋਂ ਸੁੰਦਰ ਅਤੇ ਖਾਸ ਲੱਗਣਾ ਚਾਹੁੰਦੀ ਹੈ। ਖਾਸ ਕਰ ਕੇ ਲਾੜੀ ਦੇ ਲੁਕ ’ਚ ਕਲੀਰੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਤੋਂ ਬਿਨਾਂ ਲਾੜੀ ਦਾ ਲੁਕ ਅਧੂਰਾ ਹੁੰਦਾ ਹੈ। ਪਹਿਲਾਂ ਦੇ ਸਮੇਂ ’ਚ ਕੁਝ ਹੀ ਡਿਜ਼ਾਈਨਾਂ ਦੇ ਕਲੀਰੇ ਦੇਖਣ ਨੂੰ ਮਿਲਦੇ ਸਨ ਪਰ ਸਮੇਂ ਦੇ ਨਾਲ ਕਲੀਰਿਆਂ ਦੇ ਡਿਜ਼ਾਈਨ ’ਚ ਵੀ ਕਾਫ਼ੀ ਬਦਲਾਅ ਆਏ ਹਨ। ਇਹ ਮੁੱਖ ਤੌਰ ’ਤੇ ਵਿਆਹਾਂ ਨਾਲ ਜੁੜਿਆ ਇਕ ਰਵਾਇਤੀ ਗਹਿਣਾ ਹੈ। ਕਲੀਰੇ ਨਾ ਸਿਰਫ ਲਾੜੀ ਦੇ ਲੁੱਕ ਨੂੰ ਪੂਰਾ ਕਰਦੇ ਹਨ, ਸਗੋਂ ਇਨ੍ਹਾਂ ਦਾ ਸੱਭਿਆਚਾਰਕ ਅਤੇ ਭਾਵਨਾਤਮਕ ਮਹੱਤਵ ਵੀ ਹੁੰਦਾ ਹੈ। ਗੁੱਟ ਦੇ ਕਲੀਰੇ ਜਾਂ ਚੂੜਾ ਕਲੀਰੇ ਵੱਖ-ਵੱਖ ਡਿਜ਼ਾਈਨਾਂ ਅਤੇ ਸ਼ੈਲੀਆਂ ’ਚ ਆਉਂਦੇ ਹਨ। ਕਲੀਰੇ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਕਲੀਰਿਆਂ ’ਚ ਰਵਾਇਤੀ ਡਿਜ਼ਾਈਨ ਹੁੰਦਾ ਹੈ, ਜੋ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਨੂੰ ਦਰਸਾਉਂਦੇ ਹਨ। ਮੋਤੀ ਅਤੇ ਸਟੋਨ ਨਾਲ ਬਣੇ ਕਲੀਰੇ ਵੀ ਲਾੜੀਆਂ ਦੀ ਪਸੰਦ ਬਣੇ ਹੋਏ ਹਨ।
ਕੁਝ ਲਾੜੀਆਂ ਨੂੰ ਸੋਨੇ ਅਤੇ ਚਾਂਦੀ ਨਾਲ ਬਣੇ ਕਲੀਰੇ ਪਹਿਨੇ ਵੀ ਵੇਖਿਆ ਜਾ ਸਕਦਾ ਹੈ। ਫੁੱਲ ਅਤੇ ਪੱਤੀ ਦੇ ਡਿਜ਼ਾਈਨ ਦੇ ਕਲੀਰੇ ਵੀ ਕਈ ਲਾੜੀਆਂ ਦੀ ਪਸੰਦ ਬਣੇ ਹੋਏ ਹਨ। ਇਨ੍ਹੀਂ ਦਿਨੀਂ ਕਈ ਡਿਜ਼ਾਈਨਾਂ ਦੇ ਕਲੀਰੇ ਟ੍ਰੈਂਡ ’ਚ ਹਨ। ਇਨ੍ਹਾਂ ’ਚ ਫਲੋਰਲ ਕਲੀਰੇ ਜੋ ਫੁੱਲਾਂ ਨਾਲ ਸਜੇ ਹੁੰਦੇ ਹਨ, ਸ਼ੈੱਲ ਕਲੀਰੇ ਜੋ ਸਮੁੰਦਰੀ ਸ਼ੈੱਲ ਤੋਂ ਬਣੇ ਹੁੰਦੇ ਹਨ ਅਤੇ ਲਾੜੀਆਂ ਨੂੰ ਡਿਫਰੈਂਟ ਲੁਕ ਦਿੰਦੇ ਹਨ। ਪਰਲ ਕਲੀਰੇ ਮੋਤੀਆਂ ਨਾਲ ਬਣੇ ਹੁੰਦੇ ਹਨ ਅਤੇ ਲਾੜੀਆਂ ਨੂੰ ਰਾਇਲ ਲੁਕ ਦਿੰਦੇ ਹਨ। ਪ੍ਰਸਨਲਾਈਜ਼ਡ ਕਲੀਰੇ ਜੋ ਲਾੜੀ ਦੇ ਨਾਂ ਜਾਂ ਵਿਸ਼ੇਸ਼ ਚਿੰਨ੍ਹਾਂ ਨਾਲ ਸਜੇ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦੇ ਹਨ। ਟੀਅਰਡ ਕਲੀਰਿਆਂ ’ਚ ਕਈ ਪਰਤਾਂ ਹੁੰਦੀਆਂ ਹਨ। ਮਿਨੀ ਕਲੀਰਿਆਂ ’ਚ ਛੋਟੇ ਅਤੇ ਸਿੰਪਲ ਕਲੀਰੇ ਹੁੰਦੇ ਹਨ, ਜਿਨ੍ਹਾਂ ਨੂੰ ਕਈ ਲਾੜੀਆਂ ਪਹਿਨਣਾ ਪਸੰਦ ਕਰਦੀਆਂ ਹਨ। ਝੂਮਰ ਸਟਾਈਲ ਦੇ ਕਲੀਰੇ ਵੱਡੇ ਅਤੇ ਭਾਰੀ ਹੁੰਦੇ ਹਨ, ਜੋ ਟ੍ਰੈਡੀਸ਼ਨਲ ਅਤੇ ਗ੍ਰੈਂਡ ਵੈਡਿੰਗਸ ਲਈ ਪ੍ਰਫੈਕਟ ਹਨ। ਇਹ ਲਾੜੀਆਂ ਨੂੰ ਰਾਇਲ ਅਤੇ ਐਲੀਗੈਂਟ ਲੁਕ ਦਿੰਦੇ ਹਨ। ਚੇਨ ਸਟਾਈਲ ਕਲੀਰੇ ਵੀ ਕਈ ਲਾੜੀਆਂ ਦੀ ਪਸੰਦ ਬਣੇ ਹੋਏ ਹਨ। ਇਹ ਉਨ੍ਹਾਂ ਲਾੜੀਆਂ ਲਈ ਹਨ, ਜੋ ਕੁਝ ਹਟ ਕੇ ਪਹਿਨਣਾ ਚਾਹੁੰਦੀਆਂ ਹਨ। ਇਨ੍ਹਾਂ ’ਚ ਕਲੀਰੇ ਇਕ-ਦੂਜੇ ਨਾਲ ਚੇਨ ਦੇ ਜ਼ਰੀਏ ਜੁੜੇ ਹੁੰਦੇ ਹਨ, ਜਿਸ ਨਾਲ ਇਹ ਦੇਖਣ ’ਚ ਕਾਫ਼ੀ ਆਕਰਸ਼ਕ ਅਤੇ ਟ੍ਰੈਂਡੀ ਲੱਗਦੇ ਹਨ।