ਮਾਨਸੂਨ ਦੌਰਾਨ ਵਾਰ-ਵਾਰ ਗਲ਼ਾ ਹੋ ਜਾਂਦੈ ਖ਼ਰਾਬ ! ਅਪਣਾਓ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗਾ ਆਰਾਮ

Friday, Jul 18, 2025 - 11:06 AM (IST)

ਮਾਨਸੂਨ ਦੌਰਾਨ ਵਾਰ-ਵਾਰ ਗਲ਼ਾ ਹੋ ਜਾਂਦੈ ਖ਼ਰਾਬ ! ਅਪਣਾਓ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗਾ ਆਰਾਮ

ਹੈਲਥ ਡੈਸਕ- ਮਾਨਸੂਨ 'ਚ ਇਨਫੈਕਸ਼ਨ ਦਾ ਖ਼ਤਰਾ ਵੀ ਕਾਫ਼ੀ ਵਧ ਜਾਂਦਾ ਹੈ। ਇਸ ਦੌਰਾਨ ਸਭ ਤੋਂ ਆਮ ਸਮੱਸਿਆ ਗਲੇ ਦੀ ਖ਼ਰਾਸ਼ ਹੁੰਦੀ ਹੈ। ਜਰਨਲ ਆਫ਼ ਕਲੀਨਿਕਲ ਐਂਡ ਡਾਇਗਨੋਸਟਿਕ ਰਿਸਰਚ ਦੇ ਅਨੁਸਾਰ, ਮਾਨਸੂਨ 'ਚ ਗਲੇ ਦੇ ਇਨਫੈਕਸ਼ਨ ਦੇ ਮਾਮਲੇ ਕਾਫੀ ਵਧ ਜਾਂਦੇ ਹਨ।

ਸਵੇਰੇ ਉਠਦੇ ਹੀ ਗਲੇ 'ਚ ਖ਼ਰਾਸ਼ ਕਿਉਂ ਮਹਿਸੂਸ ਹੁੰਦੀ ਹੈ?

ਮਾਨਸੂਨ 'ਚ ਜ਼ਿਆਦਾ ਨਮੀ ਕਾਰਨ ਹਵਾ 'ਚ ਵਾਇਰਸ, ਬੈਕਟੀਰੀਆ ਅਤੇ ਐਲਰਜੀ ਵਾਲੇ ਤੱਤ ਤੇਜ਼ੀ ਨਾਲ ਫੈਲਦੇ ਹਨ। ਇਸ ਕਾਰਨ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਗਲੇ 'ਚ ਖ਼ਰਾਸ਼, ਦਰਦ ਜਾਂ ਜਲਣ ਹੋਣੀ ਆਮ ਗੱਲ ਬਣ ਜਾਂਦੀ ਹੈ। ਕੁਝ ਖਾਣ-ਪੀਣ ਦੀ ਚੀਜ਼ ਵੀ ਅਜੀਬ ਲੱਗਣ ਲੱਗਦੀ ਹੈ।

ਇਸ ਦੇ ਮੁੱਖ ਕਾਰਨ ਹਨ:

ਵਾਇਰਲ ਇਨਫੈਕਸ਼ਨ: ਮਾਨਸੂਨ ਦੌਰਾਨ ਜੁਕਾਮ ਅਤੇ ਫਲੂ ਵਰਗੀਆਂ ਵਾਇਰਲ ਬੀਮਾਰੀਆਂ ਆਮ ਹੋ ਜਾਂਦੀਆਂ ਹਨ ਜੋ ਗਲੇ 'ਚ ਦਰਦ ਜਾਂ ਖ਼ਰਾਸ਼ ਦਾ ਕਾਰਨ ਬਣਦੀਆਂ ਹਨ।

ਬੈਕਟੀਰੀਅਲ ਇਨਫੈਕਸ਼ਨ: ਇਸ ਮੌਸਮ 'ਚ 'ਸਟਰੈਪਟੋਕੋਕਸ ਪਾਇਓਜੀਨਸ' ਨਾਮੀ ਬੈਕਟੀਰੀਆ ਵੱਧਣ ਲੱਗਦਾ ਹੈ ਜੋ ਕਿ 'ਸਟ੍ਰੈਪ ਥ੍ਰੋਟ' (ਭਾਰੀ ਇਨਫੈਕਸ਼ਨ) ਦਾ ਕਾਰਨ ਬਣਦਾ ਹੈ।

ਐਲਰਜੀ: ਨਮੀ ਵਾਲੀ ਹਵਾ 'ਚ ਪੋਲੇਨ ਅਤੇ ਧੂੜ ਦੇ ਕਰਕੇ ਐਲਰਜੀ ਵਧ ਜਾਂਦੀ ਹੈ, ਜੋ ਕਿ ਗਲੇ 'ਚ ਜਲਣ ਅਤੇ ਖ਼ਰਾਸ਼ ਦਾ ਕਾਰਨ ਬਣਦੀ ਹੈ।

ਵਾਤਾਵਰਣ ਦੀ ਗੰਦਗੀ: ਬਾਰਿਸ਼ ਦਾ ਪਾਣੀ ਹਵਾ 'ਚ ਮੌਜੂਦ ਧੂੜ-ਮਿੱਟੀ ਹੇਠਾਂ ਸੁੱਟਦਾ ਹੈ, ਜਿਸ ਨਾਲ ਗਲੇ 'ਚ ਇਰੀਟੇਸ਼ਨ ਹੋ ਸਕਦੀ ਹੈ।

ਫੰਗਲ ਇਨਫੈਕਸ਼ਨ: ਨਮੀ ਵਾਲੇ ਮੌਸਮ 'ਚ ਫੰਗਸ ਬਹੁਤ ਤੇਜ਼ੀ ਨਾਲ ਪੈਦਾ ਹੁੰਦੇ ਹਨ, ਜੋ ਕਿ ਖ਼ਾਸ ਕਰਕੇ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਘਰੇਲੂ ਉਪਾਅ ਜੋ ਦਿਵਾਉਣਗੇ ਰਾਹਤ:

ਜੇ ਮਾਨਸੂਨ 'ਚ ਸਵੇਰੇ ਉਠ ਕੇ ਤੁਹਾਨੂੰ ਜਾਂ ਤੁਹਾਡੇ ਘਰ ਦੇ ਕਿਸੇ ਵਿਅਕਤੀ ਨੂੰ ਗਲੇ 'ਚ ਖ਼ਰਾਸ਼ ਮਹਿਸੂਸ ਹੋ ਰਹੀ ਹੋਵੇ, ਤਾਂ ਇਹ ਘਰੇਲੂ ਉਪਾਅ ਲਾਭਦਾਇਕ ਹੋ ਸਕਦੇ ਹਨ:

ਲੂਣ ਵਾਲੇ ਗਰਮ ਪਾਣੀ ਨਾਲ ਗਰਾਰੇ ਕਰੋ: ਇਕ ਗਿਲਾਸ ਗਰਮ ਪਾਣੀ 'ਚ ਇਕ ਚਮਚ ਲੂਣ ਪਾਓ ਅਤੇ ਦਿਨ 'ਚ 2-3 ਵਾਰ ਗਰਾਰੇ ਕਰੋ। ਇਸ ਨਾਲ ਗਲੇ ਦੀ ਸੋਜ ਅਤੇ ਜਲਣ ਤੋਂ ਰਾਹਤ ਮਿਲਦੀ ਹੈ

ਸ਼ਹਿਦ ਵਾਲਾ ਗਰਮ ਪਾਣੀ ਜਾਂ ਚਾਹ: ਇਕ ਚਮਚ ਸ਼ਹਿਦ ਗਰਮ ਪਾਣੀ ਜਾਂ ਹਰਬਲ ਚਾਹ 'ਚ ਮਿਲਾ ਕੇ ਪੀਓ। ਇਹ ਗਲੇ ਨੂੰ ਆਰਾਮ ਦਿੰਦਾ ਹੈ।

ਪਾਣੀ ਵੱਧ ਪੀਓ: ਗਲੇ ਦੀ ਨਮੀ ਬਣਾਈ ਰੱਖਣ ਲਈ ਵੱਧ ਤੋਂ ਵੱਧ ਕੋਸਾ ਪਾਣੀ ਪੀਓ ਜਾਂ ਹਰਬਲ ਚਾਹ, ਕਾਢਾ ਜਾਂ ਸੂਪ ਵਰਗੀਆਂ ਚੀਜ਼ਾਂ ਪੀਓ।

ਭਾਪ ਲਵੋ: ਗਰਮ ਪਾਣੀ ਦੀ ਭਾਪ ਲੈਣ ਨਾਲ ਨਾ ਸਿਰਫ਼ ਗਲੇ ਨੂੰ ਆਰਾਮ ਮਿਲਦਾ ਹੈ, ਸਗੋਂ ਜੇਕਰ ਜੁਕਾਮ ਵੀ ਹੋਵੇ ਤਾਂ ਨੱਕ ਖੁਲਣ 'ਚ ਵੀ ਸਹਾਇਤਾ ਮਿਲਦੀ ਹੈ।

ਗਲੇ ਨੂੰ ਆਰਾਮ ਦਿਓ: ਸਵੇਰੇ ਜ਼ਿਆਦਾ ਬੋਲਣ ਜਾਂ ਉਚੀ ਆਵਾਜ਼ 'ਚ ਗੱਲ ਕਰਨ ਤੋਂ ਬਚੋ। ਇਹ ਗਲੇ 'ਤੇ ਵਾਧੂ ਦਬਾਅ ਪਾਉਂਦਾ ਹੈ।

ਕਦੋਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ?

ਜੇਕਰ ਗਲੇ 'ਚ ਦਰਦ ਲਗਾਤਾਰ ਕਈ ਦਿਨਾਂ ਤਕ ਬਣਿਆ ਰਹੇ, ਬੁਖ਼ਾਰ ਹੋਵੇ, ਗਿਲਟੀ ਸੂਜ ਜਾਵੇ ਜਾਂ ਨਿਗਲਣ 'ਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਣ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ 'ਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

DIsha

Content Editor

Related News