ਕਈ ਗੁਣਾਂ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਲਾਭ
Monday, Jan 09, 2017 - 10:42 AM (IST)

ਅਨਾਰ ਵੀ ਕੁਦਰਤ ਦੇ ਸਭ ਤੋਂ ਵਧੀਆ ਪੌਸ਼ਟਿਕ ਤੇ ਸਿਹਤ ਵਰਧਕ ਖੁਰਾਕੀ ਤੋਹਫਿਆਂ ਚੋਂ ਇਕ ਹੈ। ਦਿਲ, ਜਿਗਰ, ਗੁਰਦੇ, ਪੈਂਕਰੀਆਜ਼, ਅੰਤੜੀਆਂ, ਪ੍ਰੌਸਟੇਟ, ਮਸਾਨੇ, ਤਿੱਲੀ ਤੇ ਦਿਮਾਗੀ ਝਿੱਲੀ ਦੇ ਉਨ੍ਹਾਂ ਖਤਰਨਾਕ ਰੋਗਾਂ ਵਿੱਚ ਅਨਾਰ ਬਹੁਤ ਲਾਹੇਵੰਦ ਹੁੰਦਾ ਹੈ ਜਿਹਨਾਂ ਰੋਗਾਂ ਚ ਇਨ੍ਹਾਂ ਅੰਗਾਂ ਦੀ ਸੋਜ਼ ਨਹੀਂ ਉਤਰਦੀ ਹੁੰਦੀ। ਅਨਾਰ ਅੰਦਰ ਪਿਉਨੀਕੈਲਾਜਿਨਜ਼ ਨਾਂ ਦੇ ਕੁਦਰਤੀ ਤੱਤ ਬਹੁਤ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਹਰ ਤਰ੍ਹਾਂ ਦੀ ਸੋਜ਼ ਉਤਾਰਨ ਚ ਸਮਰੱਥ ਹਨ। ਕਾਫੀ ਰੋਗ ਉਸ ਸਮੇਂ ਤੱਕ ਜਾਨਲੇਵਾ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਰੋਗਾਂ ਕਾਰਨ ਸੋਜ਼ ਨਹੀਂ ਬਣਦੀ। ਜਾਂ ਇਉਂ ਕਹਿ ਲਵੋ ਕਿ ਜਿਸ ਰੋਗ ਚ ਸੋਜ਼ ਨਾਂ ਉਤਰਦੀ ਹੋਵੇ ਉਹ ਜਾਨਲੇਵਾ ਹੋ ਸਕਦਾ ਹੁੰਦਾ ਹੈ। ਇਵੇਂ ਈ ਇਹ ਬਵਾਸੀਰ, ਸੰਗ੍ਰਹਿਣੀ, ਪੇਟ ਸੋਜ਼, ਧਰਨ, ਪੁਰਾਣੀ ਕਬਜ਼, ਪੁਰਾਣੇ ਜ਼ਖਮ ਦਾ ਜਲਦੀ ਠੀਕ ਨਾ ਹੋਣਾ, ਚਿਹਰੇ ਤੇ ਕਿੱਲ, ਦਾਗ, ਪਿੰਪਲਜ੍ ਜ਼ਿਆਦਾ ਬਣਨਾ, ਸਰਦੀ ਦੀਆਂ ਇਨਫੈਕਸ਼ਨਜ਼, ਗਰਮੀ ਰੁੱਤ ਚ ਤੱਤਾਂ ਦੀ ਘਾਟ ਕਾਰਨ ਬਣਨ ਵਾਲੇ ਰੋਗ ਆਦਿ ਤੋਂ ਵੀ ਫਾਇਦੇ ਮੰਦ ਹੈ। ਅਨਾਰ ਵਿਚਲੇ ਅਨੇਕ ਤੱਤ ਐਸੇ ਵੀ ਹੁੰਦੇ ਹਨ ਜੋ ਕੈਂਸਰ ਸੈਲਾਂ ਦਾ ਵਾਧਾ ਹੀ ਰੋਕ ਦਿੰਦੇ ਹਨ। ਕੈਂਸਰ ਦੌਰਾਨ ਵਿਅਕਤੀ ਦੇ ਤੰਦਰੁਸਤ ਸੈੱਲ ਤੇਜ਼ੀ ਨਾਲ ਮਰਨ ਲਗਦੇ ਹਨ ਇਸ ਕਿਰਿਆ ਨੂੰ ਅਪੌਪਟੌਸਿਸ ਕਹਿੰਦੇ ਹਨ । ਅਨਾਰ ਦੇ ਨਿਊਟਰੀਐਂਟਸ ਅਪੌਪਟੌਸਿਸ ਵੀ ਘਟਾਅ ਦਿੰਦੇ ਹਨ ਜਿਸ ਕਾਰਨ ਕੈਂਸਰ ਦੇ ਬਾਵਜੂਦ ਵਿਅਕਤੀ ਲੰਬੀ ਉਮਰ ਭੋਗਦਾ ਹੈ। ਇਵੇਂ ਹੀ ਸ਼ੂਗਰ ਰੋਗ ਤੇ ਦਿਲ ਸੰਬੰਧੀ ਕਿਸੇ ਵੀ ਰੋਗ ਚ ਅਨਾਰ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਹਨਾਂ ਰੋਗਾਂ ਵਿੱਚ ਅਨਾਰ ਦੇ ਦਾਣੇ ਚਾਹੇ ਚਾਰ ਪੰਜ ਚਮਚ ਈ ਰੋਜ਼ਾਨਾ ਇੱਕ ਦੋ ਵਾਰ ਖਾਧੇ ਜਾਣ ਪਰ ਦਾਣੇ ਚੰਗੀ ਤਰ੍ਹਾਂ ਚਬਾਕੇ ਈ ਖਾਧੇ ਜਾਣੇ ਚਾਹੀਦੇ ਹਨ। ਜਿਹਨਾਂ ਮਰਦਾਂ ਦੇ ਅਚਨਚੇਤ ਖੂਨ ''ਚ ਪੀ ਐਸ ਏ ਲੈਵਲ ਵਧ ਜਾਂਦਾ ਹੈ ਉਨ੍ਹਾਂ ਦੇ ਪ੍ਰੌਸਟੇਟ ਕੈਂਸਰ ਦਾ ਚਾਂਸ ਹੁੰਦਾ ਹੈ। ਅਨਾਰ ਖਾਂਦੇ ਰਹਿਣ ਵਾਲੇ ਵਿਅਕਤੀ ਦੇ ਪੀ ਐਸ ਏ ਵਧਦਾ ਹੀ ਨਹੀਂ। ਇਉ ਮਰਦ ਪ੍ਰੌਸਟੇਟ ਕੈਂਸਰ ਤੋਂ ਬਚ ਜਾਂਦੇ ਹਨ । ਇਵੇਂ ਹੀ ਔਰਤਾਂ ਦੇ ਛਾਤੀ, ਬੱਚੇਦਾਨੀ, ਅੰਡੇਦਾਨੀ, ਸਰਵਿਕਸ ਆਦਿ ਦੇ ਕੈਂਸਰ ਤੋਂ ਵੀ ਅਨਾਰ ਬਚਾਅ ਕਰਦਾ ਹੈ। ਇਵੇਂ ਹੀ ਹਾਈ ਬੀ.ਪੀ ਵੀ ਦਿਲ, ਦਿਮਾਗ਼ ਦੇ ਦੌਰੇ ਤੇ ਸਟਰੋਕ ਦਾ ਵੀ ਕਾਰਨ ਬਣਦਾ ਹੈ। ਪ੍ਰੰਤੂ ਜੋ ਲੋਕ ਅਕਸਰ ਹੀ ਅਨਾਰ ਖਾਂਦੇ ਰਹਿੰਦੇ ਹਨ ਉਨ੍ਹਾਂ ਦੇ ਬੀ.ਪੀ ਵਧਣੋਂ ਹਟ ਜਾਂਦਾ ਹੈ। ਗੰਠੀਆ ਰੋਗ ਵਿੱਚ ਵੀ ਸੋਜ਼ ਹੀ ਜ਼ਿਆਦਾ ਤਕਲੀਫਦੇਹ ਹੁੰਦੀ ਹੈ ਅਤੇ ਅਨਾਰ ਸੋਜ਼ ਨੂੰ ਤਾਂ ਉਤਾਰਦਾ ਹੀ ਹੈ ਨਾਲ ਹੀ ਅਨਾਰ ਚ ਕੁੱਝ ਐਸੇ ਪਲਾਂਟ ਕੰਪਾਉਂਡਜ਼ ਵੀ ਹੁੰਦੇ ਹਨ ਜੋ ਉਨ੍ਹਾਂ ਐਂਜ਼ਾਇਮਜ਼ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਜੋ ਔਸਟਿਉ ਆਰਥਰਾਇਟਿਸ ਚ ਜੋੜਾਂ ਦਾ ਨੁਕਸਾਨ ਕਰਦੇ ਹਨ। ਇਸ ਤਰ੍ਹਾਂ ਅਨਾਰ ਜੋੜ, ਦਰਦਾਂ, ਗੰਠੀਆ, ਜੋੜ ਜਾਮ, ਕਮਰ ਦਰਦ, ਧੌਣ ਦਰਦ, ਗੋਡੇ ਗਿੱਟੇ ਦਰਦ, ਸਰਵਾਇਕਲ ਸਪੌਂਡਿਲਾਇਟਿਸ ਆਦਿ ਰੋਗਾਂ ਚ ਫਾਇਦੇਮੰਦ ਹੈ।ਅਨਾਰ ਅੰਦਰ ਪਿਉਨਿਸਿੱਕ ਐਸਿਡ ਹੁੰਦਾ ਹੈ ਜੋ ਦਿਲ ਨੂੰ ਅਨੇਕ ਰੋਗਾਂ ਤੋਂ ਬਚਾਉਂਦਾ ਹੈ। ਅਨਾਰ ਦੀ ਅਕਸਰ ਵਰਤੋਂ ਕਰਦੇ ਰਹਿਣ ਵਾਲੇ ਵਿਅਕਤੀ ਦੇ ਕੁੱਝ ਹੀ ਦਿਨਾਂ ਵਿੱਚ ਕੋਲੈਸਟਰੌਲ ਤੇ ਟਰਾਈਗਲਿਸਰਾਇਡਜ਼ ਘਟ ਜਾਂਦੇ ਹਨ। ਅਨਾਰ ਕਾਫੀ ਤਰਾਂ ਦੇ ਕਿਟਾਣੂੰਆਂ, ਰੋਗਾਣੂੰਆਂ ਨੂੰ ਵੀ ਮਾਰਦਾ ਹੈ। ਅਨਾਰ ਵਿਚਲੇ ਐਂਟੀ ਫੰਗਲ ਤੇ ਐਂਟੀ ਬੈਕਟੀਰੀਅਲ ਤੱਤਾਂ ਕਾਰਨ ਹੀ ਅਨਾਰ ਖਾਣ ਵਾਲੇ ਵਿਅਕਤੀ ਦੇ ਵਾਰ-ਵਾਰ ਮੂੰਹ ਪੱਕਣਾ, ਗਲਾ ਖਰਾਬ ਹੋਣਾ, ਦੰਦਾਂ ਜਾੜ੍ਹਾਂ ਤੇ ਮਸੂੜਿਆਂ ਦੀ ਸੋਜ਼ ਜਾਂ ਇਨਫੈਕਸ਼ਨ ਹੋਣੋਂ ਹਟ ਜਾਂਦੀ ਹੈ ਖਾਸ ਕਰਕੇ ਜਿੰਜਿਵਾਇਟਿਸ, ਡੈਂਚਰ ਸਟੌਮੈਟਾਇਟਿਸ, ਪੈਰੀਔਡੌਂਟਾਇਟਿਸ ਆਦਿ ਦੰਦ ਰੋਗਾਂ ਵਿੱਚ ਅਨਾਰ ਲਾਭਦਾਇਕ ਹੁੰਦਾ ਹੈ। ਯਾਦਾਸ਼ਤ ਵਧਾਉਣ ''ਚ ਵੀ ਅਨਾਰ ਕਮਾਲ ਦਾ ਕੰਮ ਕਰਦਾ ਹੈ। ਇਥੋਂ ਤੱਕ ਕਿ ਬੁਢਾਪੇ ਦੇ ਇੱਕ ਰੋਗ ਅਲਜ਼ਾਇਮਰਜ਼ ਡਿਸੀਜ਼ ਵਿੱਚ ਵੀ ਛੇਤੀ ਫਾਇਦਾ ਕਰਦਾ ਹੈ। ਅਨਾਰ ਵਿੱਚ ਡਾਇਟਰੀ ਨਾਈਟਰੇਟਸ ਵੀ ਭਾਰੀ ਮਾਤਰਾ ''ਚ ਹੁੰਦੇ ਹਨ ।ਇਹ ਵਿਅਕਤੀ ਦਾ ਸਟੈਮਿਨਾ ਵਧਾਉਂਦੇ ਹਨ। ਕੋਈ ਵੀ ਕੰਮ, ਐਕਸਰਸਾਈਜ਼ ਆਦਿ ਕਰਨ ਤੋਂ ਪਹਿਲਾਂ ਜੇ ਕੋਈ ਅਨਾਰ ਖਾਂਦਾ ਹੈ ਤਾਂ ਉਹ ਜਲਦੀ ਥਕਾਵਟ ਮਹਿਸੂਸ ਨਹੀਂ ਕਰੇਗਾ। ਇਸੇ ਤਰ੍ਹਾਂ ਅਨਾਰ ਦਾ ਛਿਲਕਾ ਵੀ ਸੁਕਾ ਕੇ ਪੀਸ ਕੇ ਰੱਖ ਲਵੋ। ਮੂੰਹ ਪੱਕਣਾ, ਗਲਾ ਖਰਾਬ ਹੋਣਾ, ਹਕਲਾਉਣਾ, ਦੰਦਾਂ ਚੋਂ ਖੂਨ ਆਉਣਾ, ਰਾਤ ਦੀ ਸੁੱਕੀ ਖੰਘ, ਬੱਚੇ ਦਾ ਬਿਸਤਰ ਤੇ ਪਿਸ਼ਾਬ ਕਰਨਾ, ਬੱਚੇ ਦਾ ਮਿੱਟੀ ਖਾਣਾ, ਸੁੱਤੇ ਹੋਏ ਬੋਲਣਾ, ਦੰਦ ਕਿਰਚਣਾ, ਮੂੰਹ ਚੋਂ ਪਾਣੀ ਡਿੱਗਣਾ, ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਅੰਗ ਦੀ ਸੋਜ਼ ਆਦਿ ਤੋਂ ਫਾਇਦੇਮੰਦ ਹੈ। ਦੋ ਤਿੰਨ ਚੁਟਕੀ ਅਨਾਰ ਛਿਲਕਾ ਪਾਣੀ, ਸ਼ਹਿਦ, ਗੁਲਾਬਜਲ ਜਾਂ ਦੁੱਧ ਨਾਲ ਦਿਨ ''ਚ ਦੋ ਵਾਰ ਖਾਣੇ ਤੋਂ ਬਾਅਦ ਦਿਉ। ਔਰਤਾਂ ''ਚ ਲਕੋਰੀਆ ਦੀ ਸ਼ਿਕਾਇਤ ਵੀ ਅਨਾਰ ਛਿਲਕੇ ਦੇ ਪਾਊਡਰ ਬਣਾ ਕੇ ਅੱਧਾ ਚਮਚ ਰੋਜ਼ ਖਾਣ ਨਾਲ ਠੀਕ ਹੋ ਜਾਂਦਾ ਹੈ। ਬਸ, ਕਾਰ ''ਚ ਧੂੰਆਂ ਚੜ੍ਹਦਾ ਹੋਵੇ ਤਾਂ ਥੋੜ੍ਹਾ ਥੋੜ੍ਹਾ ਅਨਾਰ ਛਿਲਕਾ ਪਾਊਡਰ ਚੂਸਦੇ ਰਹਿਣ ਨਾਲ ਉਲਟੀ ਨਹੀਂ ਆਉਂਦੀ। ਉਲਟ-ਪੁਲਟ ਖਾਣ-ਪੀਣ ਕਾਰਨ ਲੱਗੇ ਦਸਤਾਂ ਚ ਵੀ ਇਹ ਤੁਰੰਤ ਫਾਇਦਾ ਕਰਦਾ ਹੈ। ਕਿਸੇ ਵੀ ਫਲ ਦਾ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ । ਇਸੇ ਤਰ੍ਹਾਂ ਅਨਾਰ ਦਾ ਜੂਸ ਵੀ ਨਹੀਂ ਬਣਾਉਣਾ ਚਾਹੀਦਾ। ਕਿਉਂਕਿ ਜੋ ਡਾਇਟਿਕ ਫਾਇਬਰ, ਡਾਇਟਿਕ ਨਾਇਟਰੇਟਸ ਆਦਿ ਤੇ ਅਨੇਕ ਤਰ੍ਹਾਂ ਦੇ ਮਿਨਰਲਜ਼ ਦਾਣਿਆਂ ਚ ਹੁੰਦੇ ਹਨ ਉਹ ਬੇਕਾਰ ਜਾਂਦੇ ਹਨ ਜੂਸ ਚੋਂ। ਜੂਸ ਸਿਰਫ ਕਿਸੇ ਖਾਸ ਰੋਗ ਚ ਜਾਂ ਡਾਕਟਰ ਜਾਂ ਡਾਇਟੀਸ਼ਨ ਦੀ ਰਾਇ ਨਾਲ ਹੀ ਪੀਣਾ ਚਾਹੀਦਾ ਹੈ। ਅਨਾਰ ਚ ਅਨੇਕ ਸਿਹਤ ਵਰਧਕ ਹੋਰ ਵੀ ਤੱਤ ਹਨ ਜਿਨ੍ਹਾਂ ਬਾਰੇ ਲਿਖਣ ਲੱਗਾਂਗੇ ਤਾਂ ਘੱਟੋ-ਘੱਟ 500 ਸਫੇ ਦੀ ਕਿਤਾਬ ਬਣ ਜਾਏਗੀ। ਬਸ ਤੁਸੀਂ ਇੰਨਾ ਹੀ ਕਰੋ ਜਦੋਂ ਕਿਤੇ ਕਿਤੋਂ ਵੀ ਸਸਤੇ ਅਨਾਰ ਮਿਲਣ ਤਾਂ ਜ਼ਰੂਰ ਖਰੀਦੋ ਤੇ ਖਾਓ। ਇੱਕ ਦਿਨ ਚ ਇੱਕ ਵਿਅਕਤੀ ਜਾਂ ਬੱਚੇ ਨੂੰ ਇੱਕ ਅਨਾਰ ਹੀ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ। ਇਸ ਦੇ ਜ਼ਿਆਦਾ ਫਾਇਦੇ ਲੈਣ ਲਈ ਬਾਜ਼ਾਰੀ ਚੀਜ਼ਾਂ, ਚਾਹ, ਕੋਫੀ, ਕੋਲਡ ਡਰਿੰਕਸ, ਤਲੇ ਬਰੈੱਡ, ਬਰਗਰ, ਮਠਿਆਈਆਂ, ਪਕੌੜੇ ਸਮੋਸੇ, ਬਰੀਕ ਆਟੇ ਦੀਆਂ ਚੀਜ਼ਾਂ, ਖੰਡ ਆਦਿ ਘੱਟ ਤੋਂ ਘੱਟ ਖਾਓ। ਪਾਣੀ ਜ਼ਿਆਦਾ ਪੀਓ, ਸਸਤੀਆਂ ਅਤੇ ਰੁੱਤ ਅਨੁਸਾਰ ਮੌਸਮੀ ਸਬਜ਼ੀਆਂ, ਸਲਾਦ, ਫਲ, ਆਨਾਜ, ਦਾਲਾਂ ਆਦਿ ਖਾਓ। ਮਹਿੰਗੀਆਂ ਤੇ ਬੇਰੁੱਤੀਆਂ ਚੀਜ਼ਾਂ ਨਾਂ ਖਾਉ ਜਾਂ ਘੱਟ ਖਾਓ। ਖੂਬ ਕੰਮ ਕਰੋ। ਖੂਬ ਖੁਸ਼ ਰਹੋ। ਟਾਇਮ ਸਿਰ ਖਾਓ, ਪੀਓ, ਸੰਵੋ ਤੇ ਐਕਸਰਸਾਈਜ਼ ਕਰੋ।
...ਡਾ ਕਰਮਜੀਤ ਕੌਰ, ਡਾ ਬਲਰਾਜ ਬੈਂਸ,