ਬ੍ਰਾਜ਼ੀਲ ''ਤੇ ਅਜੇ ਤਕ ਨਹੀਂ ਚੜ੍ਹਿਆ ਵਿਸ਼ਵ ਕੱਪ ਦਾ ਖੁਮਾਰ

05/26/2018 9:23:35 AM

ਰੀਓ ਡੀ ਜੇਨੇਰੀਓ—ਵਿਸ਼ਵ ਕੱਪ ਸ਼ੁਰੂ ਹੋਣ 'ਚ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ ਪਰ ਫੁੱਟਬਾਲ ਦੀ ਦੀਵਾਨਗੀ ਲਈ ਮਸ਼ਹੂਰ ਬ੍ਰਾਜ਼ੀਲ 'ਤੇ ਇਸ ਦਾ ਸਰੂਰ ਅਜੇ ਤਕ ਚੜ੍ਹਦਾ ਨਹੀਂ ਦਿਸ ਰਿਹਾ ਹੈ, ਜਿਹੜੀ ਕਿ ਹੈਰਾਨੀ ਦੀ ਗੱਲ ਹੈ। ਬ੍ਰਾਜ਼ੀਲ ਦੀਆਂ ਨਜ਼ਰਾਂ ਭਾਵੇਂ ਰਿਕਾਰਡ ਛੇਵੇਂ ਖਿਤਾਬ 'ਤੇ ਹੋਣਗੀਆਂ । ਇੱਥੇ ਆਮ ਤੌਰ 'ਤੇ ਫੁੱਟਬਾਲ ਦੇ ਮਹਾਕੁੰਭ ਤੋਂ ਕਈ ਮਹੀਨੇ ਪਹਿਲਾਂ ਹੀ ਜਸ਼ਨ ਦਾ ਨਜ਼ਾਰਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਬ੍ਰਾਜ਼ੀਲੀ ਫੁੱਟਬਾਲ ਪ੍ਰੇਮੀ ਖਾਮੋਸ਼ ਹਨ। ਇਸ ਦਾ ਕਾਰਨ ਸਟਾਰ ਸਟ੍ਰਾਈਕਰ ਨੇਮਾਰ ਦੀ ਖਰਾਬ ਸਿਹਤ ਜਾਂ 2014 ਵਿਸ਼ਵ ਕੱਪ ਵਿਚ ਟੀਮ ਦਾ ਮਾੜਾ ਪ੍ਰਦਰਸ਼ਨ ਹੋ ਸਕਦਾ ਹੈ। ਇਕ ਸਰਵੇ ਅਨੁਸਾਰ 66 ਫੀਸਦੀ ਲੋਕਾਂ ਨੇ ਆਗਾਮੀ ਵਿਸ਼ਵ ਕੱਪ 'ਚ ਕੋਈ ਦਿਲਚਸਪੀ  ਨਹੀਂ ਦਿਖਾਈ, ਜਦਕਿ 14.5 ਫੀਸਦੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਟੂਰਨਾਮੈਂਟ ਕਿੱਥੇ ਹੋ ਰਿਹਾ ਹੈ। 
ਚਾਰ ਸਾਲ ਪਹਿਲਾਂ ਜਦੋਂ ਬ੍ਰਾਜ਼ੀਲ 'ਚ ਵਿਸ਼ਵ ਕੱਪ ਹੋਇਆ ਸੀ, ਉਦੋਂ ਪੂਰਾ ਦੇਸ਼ ਪੀਲੇ ਤੇ ਹਰੇ ਰੰਗ 'ਚ ਰੰਗਿਆ ਗਿਆ ਸੀ। ਸੜਕਾਂ 'ਤੇ ਪੀਲੇ, ਹਰੇ ਰੰਗ, ਇਮਾਰਤਾਂ 'ਤੇ ਰਾਸ਼ਟਰੀ ਝੰਡੇ ਲਹਿਰਾਉਣ ਦੀ ਪ੍ਰੰਪਰਾ ਇਥੇ ਸਾਲਾਂ ਪੁਰਾਣੀ ਹੈ, ਜਿਹੜੀ ਇਸ ਵਾਰ ਨਜ਼ਰ ਨਹੀਂ ਆ ਰਹੀ।  40 ਸਾਲ ਤੋਂ ਇਥੇ ਵਿਸ਼ਵ ਕੱਪ ਦੌਰਾਨ ਸੜਕਾਂ 'ਤੇ ਜਸ਼ਨ ਮਨਾਉਣ ਦਾ ਵੀ ਰਿਵਾਜ ਹੈ, ਜਿਸ ਨੂੰ 'ਅਲਜੀਰਾਓ' ਕਹਿੰਦੇ ਹਨ ਪਰ ਇਸ ਵਾਰ ਇਸ ਨੂੰ ਸਪਾਂਸਰ ਨਹੀਂ ਮਿਲ ਰਹੇ।


Related News