ਟੀ-20 ਵਿਸ਼ਵ ਕੱਪ ’ਚ ਭਾਰਤ ਦੀਆਂ ਸੰਭਾਵਨਾਵਾਂ ਲਈ ਸੂਰਯਕੁਮਾਰ ਤੇ ਬੁਮਰਾਹ ਅਹਿਮ ਹੋਣਗੇ : ਯੁਵਰਾਜ
Saturday, Apr 27, 2024 - 10:44 AM (IST)
ਨਵੀਂ ਦਿੱਲੀ- ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਆਗਾਮੀ ਟੀ-20 ਵਿਸ਼ਵ ਕੱਪ ਵਿਚ ਟੀਮ ਦੀਆਂ ਸੰਭਾਵਨਾਵਾਂ ਲਈ ਧਮਾਕੇਦਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਉਹ ਕਿਸੇ ਵੀ ਸਮੇਂ ਮੈਚ ਦਾ ਰੁਖ਼ ਬਦਲਣ ਦੀ ਕਾਬਲੀਅਤ ਰੱਖਦੇ ਹਨ। 2007 ਵਿਚ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਗੇੜ ਵਿਚ ਭਾਰਤ ਦੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਨੇ ਕਿਹਾ ਕਿ ਟੀਮ ਨੂੰ ਦੂਜੀ ਵਾਰ ਇਹ ਟਰਾਫੀ ਦਿਵਾਉਣ ਲਈ ਸੂਰਯਕੁਮਾਰ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਤੇ ਬੁਮਰਾਹ ਨੂੰ ਵੀ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨੀ ਪਵੇਗੀ।
ਯੁਵਰਾਜ ਨੇ ਕਿਹਾ, ‘‘ਸੂਰਯਕੁਮਾਰ ਯਾਦਵ ਭਾਰਤ ਲਈ ਅਹਿਮ ਖਿਡਾਰੀ ਹੈ। ਉਹ ਸਿਰਫ 15 ਗੇਂਦਾਂ ਵਿਚ ਮੈਚ ਦਾ ਰੁਖ਼ ਬਦਲਣ ਦੀ ਸਮਰੱਥਾ ਰੱਖਦਾ ਹੈ। ਭਾਰਤ ਨੂੰ ਇਹ ਟੀ-20 ਵਿਸ਼ਵ ਕੱਪ ਜਿੱਤਣਾ ਹੈ ਤਾਂ ਉਹ ਨਿਸ਼ਚਿਤ ਰੂਪ ਨਾਲ ਕਾਫੀ ਅਹਿਮ ਖਿਡਾਰੀ ਹੋਵੇਗਾ।’’
ਯੁਵਰਾਜ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ੀ ਵਿਚ ਜਸਪ੍ਰੀਤ ਬੁਮਰਾਹ ਵੀ ਕਾਫੀ ਮਹੱਤਵਪੂਰਨ ਹੋਵੇਗਾ। ਮੈਂ ਟੀਮ ਵਿਚ ਇਕ ਲੈੱਗ ਸਪਿਨਰ ਵੀ ਦੇਖਣਾ ਚਾਹੇਗਾ, ਜਿਵੇਂ ਯੁਜਵੇਂਦਰ ਚਾਹਲ ਕਿਉਂਿਕ ਉਹ ਇਸ ਸਮੇਂ ਕਾਫੀ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ।’’