ਵਿਸ਼ਵ ਲਈ ਚੁਣੌਤੀ ਬਣਦੀ ਮਾਨਸਿਕ ਉਦਾਸੀ

Saturday, Mar 30, 2024 - 05:52 PM (IST)

ਵਿਸ਼ਵ ਲਈ ਚੁਣੌਤੀ ਬਣਦੀ ਮਾਨਸਿਕ ਉਦਾਸੀ

ਵਿਸ਼ਵ ਸਿਹਤ ਸੰਗਠਨ ਅਨੁਸਾਰ ਸਿਹਤ ਦਾ ਮਤਲਬ ਸਿਰਫ ਬੀਮਾਰੀ ਨਾ ਹੋਣਾ ਅਤੇ ਸਰੀਰਕ ਸਿਹਤ ਤੋਂ ਨਹੀਂ ਹੁੰਦਾ ਸਗੋਂ ਸਿਹਤ ਸਮਾਜਿਕ, ਮਾਨਸਿਕ ਅਤੇ ਸਰੀਰਕ ਤਿੰਨਾਂ ਨਾਲ ਜੁੜੀ ਹੋਈ ਹੈ। ਇਨ੍ਹਾਂ ਤਿੰਨਾਂ ’ਚ ਜਿੱਥੇ ਵੀ ਵਿਅਕਤੀ ਕਮਜ਼ੋਰ ਹੈ ਉੱਥੇ ਉਹ ਬੀਮਾਰ ਮੰਨਿਆ ਜਾਂਦਾ ਹੈ। ਉਸ ਨੂੰ ਸਿਹਤਮੰਦ ਨਹੀਂ ਕਹਿ ਸਕਦੇ। ਚੰਗੀ ਸਿਹਤ ਵਾਲਾ ਵਿਅਕਤੀ ਉਹ ਹੈ ਜੋ ਇਨ੍ਹਾਂ ਸਾਰੇ ਮਾਪਦੰਡਾਂ ’ਤੇ ਖੁਸ਼ ਹੈ ਅਤੇ ਹਰ ਪੱਧਰ ’ਤੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ। ਜੋ ਜ਼ਿੰਦਗੀ ’ਚ ਆਮ ਤਣਾਅ ਦਾ ਸਾਹਮਣਾ ਕਰਨ ’ਚ ਸਮਰੱਥ ਹੈ। ਉਤਪਾਦਕ ਤਰੀਕੇ ਨਾਲ ਕੰਮ ਕਰਦਾ ਹੈ। ਆਪਣੇ ਭਾਈਚਾਰੇ ’ਚ ਯੋਗਦਾਨ ਦੇਣ ਨੂੰ ਤਿਆਰ ਹੈ। ਦਰਅਸਲ ਮਾਨਸਿਕ ਸਿਹਤ ਦਾ ਸਬੰਧ ਇਨਸਾਨ ਦੇ ਭਾਵਨਾਤਮਕ ਪਹਿਲੂ ਨਾਲ ਹੈ ਜੋ ਉਸ ਦੇ ਸੋਚਣ, ਸਮਝਣ, ਕੰਮ ਕਰਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਉਂਝ ਤਾਂ ਮਾਨਸਿਕ ਵਿਕਾਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਡਿਮੈਂਸ਼ੀਆ, ਤਣਾਅ, ਚਿੰਤਾ, ਭੁੱਲਣਾ, ਉਦਾਸੀ, ਡਿਸਲੇਸੀਆ ਆਦਿ ਪਰ ਇਨ੍ਹਾਂ ਸਾਰਿਆਂ ’ਚ ਉਦਾਸੀ ਅਜਿਹਾ ਮਨੋਵਿਕਾਰ ਹੈ ਜਿਸ ਤੋਂ ਪੂਰੀ ਦੁਨੀਆ ਦੁਖੀ ਹੈ। ਹਰ ਉਮਰ, ਵਰਗ ਦਾ ਵਿਅਕਤੀ ਅੱਜ ਮਾਨਸਿਕ ਉਦਾਸੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਇਸ ਉਦਾਸੀ ਦੇ ਬਹੁਤ ਸਾਰੇ ਕਾਰਨ ਸਾਹਮਣੇ ਆ ਰਹੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਨੁਸਾਰ ਪਿਛਲੇ ਇਕ ਦਹਾਕੇ ’ਚ ਤਣਾਅ ਅਤੇ ਉਦਾਸੀ ਦੇ ਮਾਮਲਿਆਂ ’ਚ 18 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਦੀ ਤਕਰੀਬਨ 6.5 ਫੀਸਦੀ ਤੋਂ 7.5 ਫੀਸਦੀ ਆਬਾਦੀ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਵੀ ਮੈਂਟਲ ਹੈਲਥ ਦੇ ਮੁੱਦੇ ਪ੍ਰਤੀ ਨਿਆਪਾਲਿਕਾ ਨੂੰ ਸੰਵੇਦਨਸ਼ੀਲ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਵਨ ਸਾਈਜ਼ ਫਿੱਟ ਫਾਰ ਆਲ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਚੰਗੀ ਮਾਨਸਿਕ ਸਿਹਤ ਹਰ ਵਿਅਕਤੀ ਦਾ ਮਨੁੱਖੀ ਅਧਿਕਾਰ ਹੈ ਜਿਸ ਤੋਂ ਉਸ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਦੇਖਣ ਵਾਲੀ ਗੱਲ ਹੈ ਕਿ ਮੈਂਟਲ ਸਟ੍ਰੈੱਸ ਜੈਨੇਟਿਕ, ਸਮਾਜਿਕ, ਆਰਥਿਕ, ਪਰਿਵਾਰਕ ਹਰ ਤਰ੍ਹਾਂ ਦੀ ਹੋ ਸਕਦੀ ਹੈ। ਇਸ ਅਵਸਥਾ ’ਚੋਂ ਕਿਸੇ ਇਨਸਾਨ ਨੂੰ ਬਾਹਰ ਕੱਢਣਾ ਅੱਜ ਦੇ ਸਮੇਂ ’ਚ ਸਭ ਤੋਂ ਵੱਡੀ ਚੁਣੌਤੀ ਹੈ ਜਿਸ ਤੋਂ ਡਾਕਟਰ ਅਤੇ ਮਾਹਿਰ ਵੀ ਪ੍ਰੇਸ਼ਾਨ ਹਨ।

ਦੇਖਿਆ ਗਿਆ ਹੈ ਕਿ ਕਈ ਵਾਰ ਮੁੱਢਲੀ ਜ਼ਿੰਦਗੀ ਦੇ ਬੁਰੇ ਤਜਰਬੇ, ਹਾਦਸੇ ਅਤੇ ਘਟਨਾਵਾਂ ਮਨ ਨੂੰ ਇੰਨਾ ਇਫੈਕਟ ਕਰਦੀਆਂ ਹਨ ਕਿ ਉਨ੍ਹਾਂ ਦੇ ਅਸਰ ਨਾਲ ਇਨਸਾਨ ਮਾਨਸਿਕ ਤੌਰ ’ਤੇ ਬੀਮਾਰ ਹੋ ਜਾਂਦਾ ਹੈ। ਇਹ ਮਨੋਵਿਕਾਰ ਅਤੇ ਨਕਾਰਾਤਮਕਤਾ ਉਸ ਦੇ ਮਨ ਅਤੇ ਸਿਹਤ ਦੋਵਾਂ ਨੂੰ ਖਰਾਬ ਕਰਦੀ ਜਾਂਦੀ ਹੈ। ਮਾਨਸਿਕ ਉਦਾਸੀ ਦਾ ਵੱਡਾ ਕਾਰਨ ਬੇਰੋਜ਼ਗਾਰੀ ਅਤੇ ਗਰੀਬੀ ਵੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਖੀਏ ਤਾਂ ਅੰਕੜੇ ਦੱਸਦੇ ਹਨ ਕਿ ਮਾਨਸਿਕ ਰੋਗਾਂ ਨਾਲ ਗ੍ਰਸਤ ਤਕਰੀਬਨ 78.62 ਫੀਸਦੀ ਲੋਕ ਬੇਰੋਜ਼ਗਾਰੀ ਨਾਲ ਜੂਝ ਰਹੇ ਹਨ।

ਅੱਜ ਨੌਜਵਾਨਾਂ ’ਚ ਵਧਦੇ ਆਤਮਹੱਤਿਆ ਦੇ ਮਾਮਲੇ ਵੀ ਇਸ ਦੀ ਪੁਸ਼ਟੀ ਕਰਦੇ ਹਨ ਕਿ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਇਸ ਕਦਰ ਮਾਨਸਿਕ ਨਕਾਰਾਤਮਕਤਾ ਦੇ ਦੌਰ ’ਚੋਂ ਲੰਘ ਰਹੇ ਹਨ ਕਿ ਉਹ ਸੁਸਾਈਡ (ਆਤਮਹੱਤਿਆ) ਵਰਗਾ ਗੰਭੀਰ ਕਦਮ ਚੁੱਕਣ ਨੂੰ ਮਜਬੂਰ ਹਨ। ਇਹ ਅੰਕੜੇ ਇਸ਼ਾਰਾ ਕਰਦੇ ਹਨ ਕਿ ਨੌਜਵਾਨਾਂ ’ਚ ਤੇਜ਼ੀ ਨਾਲ ਮਾਨਸਿਕ ਉਦਾਸੀ ਫੈਲ ਰਹੀ ਹੈ। ਮਾਹਿਰਾਂ ਅਨੁਸਾਰ ਜਦ ਕਿਸੇ ਦੇਸ਼ ਦੀ ਆਰਥਿਕ ਹਾਲਤ ਗੰਭੀਰ ਹੁੰਦੀ ਹੈ ਤਾਂ ਉੱਥੇ ਮਾਨਸਿਕ ਉਦਾਸੀ ਵੀ ਵਧ ਜਾਂਦੀ ਹੈ। ਡਬਲਯੂ. ਐੱਚ. ਓ. ਨੇ 2013 ’ਚ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਮਹੱਤਵ ਦਿੰਦੇ ਹੋਏ ਵਰਲਡ ਹੈਲਥ ਅਸੈਂਬਲੀ ’ਚ ਇਕ ਵੱਡੇ ਪੱਧਰ ’ਤੇ ਮਾਨਸਿਕ ਸਿਹਤ ਕਾਰਜ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ ਜੋ 2013-2020 ਤੱਕ ਲਈ ਸੀ। ਇਸ ਕਾਰਜ ਯੋਜਨਾ ’ਚ ਸਾਰੇ ਦੇਸ਼ਾਂ ਨੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੀ ਸਹੁੰ ਖਾਧੀ ਸੀ। ਭਾਰਤ ਨੇ ਵੀ ਇਸ ਕਾਰਜ ਯੋਜਨਾ ਨੂੰ ਲਾਗੂ ਕੀਤਾ ਸੀ ਪਰ ਅੱਜ ਵੀ ਭਾਰਤ ’ਚ ਮੈਂਟਲ ਹੈਲਥ ਦੇ ਹਾਲਾਤ ਭਿਆਨਕ ਹਨ।

ਇਸ ਪਿੱਛੇ ਬਹੁਤ ਸਾਰੇ ਕਾਰਨ ਹਨ। ਇਸ ’ਚ ਵੱਡਾ ਕਾਰਨ ਮੈਂਟਲ ਹੈਲਥ ’ਤੇ ਖਰਚ ਹੋਣ ਵਾਲਾ ਬਜਟ ਹੈ। ਅੱਜ ਵੀ ਭਾਰਤ ’ਚ ਮਾਨਸਿਕ ਸਿਹਤ ’ਤੇ ਕੀਤਾ ਜਾਣ ਵਾਲਾ ਖਰਚ ਬਹੁਤ ਘੱਟ ਹੈ। ਭਾਰਤ ਆਪਣੇ ਕੁੱਲ ਸਰਕਾਰੀ ਸਿਹਤ ਖਰਚ ਦਾ ਸਿਰਫ 1.3 ਫੀਸਦੀ ਹੀ ਮੈਂਟਲ ਹੈਲਥ ’ਤੇ ਖਰਚ ਕਰਦਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ 1.5 ਮਿਲੀਅਨ (15 ਲੱਖ) ਲੋਕ ਬੌਧਿਕ ਅਸਮਰੱਥਾ ਅਤੇ ਤਕਰੀਬਨ 7,22,826 ਲੋਕ ਮਨੋ-ਸਮਾਜਿਕ ਦਿਵਿਆਂਗਤਾ ਦਾ ਸ਼ਿਕਾਰ ਹੋਏ ਸਨ। ਇਹ ਗਿਣਤੀ ਪਿਛਲੇ 10 ਸਾਲਾਂ ’ਚ ਤਕਰੀਬਨ ਦੁੱਗਣੀ ਹੋ ਗਈ ਹੈ ਪਰ ਉਸ ’ਤੇ ਖਰਚ ਹੋਣ ਵਾਲਾ ਬਜਟ ਅੱਜ ਵੀ ਘੱਟ ਹੈ। ਮਾਹਿਰ ਮੰਨਦੇ ਹਨ ਕਿ ਭਾਰਤ ’ਚ ਮਾਨਸਿਕ ਸਿਹਤ ਮਾਹਿਰਾਂ ਦੀ ਕਮੀ ਵੀ ਇਕ ਮਹੱਤਵਪੂਰਨ ਕਾਰਨ ਹੈ।

ਡਬਲਯੂ. ਐੱਚ. ਓ. ਅਨੁਸਾਰ ਸਾਲ 2011 ’ਚ ਭਾਰਤ ’ਚ ਮੈਂਟਲ ਇਲਨੈੱਸ ਤੋਂ ਪੀੜਤ ਹਰ ਇਕ ਲੱਖ ਰੋਗੀਆਂ ਲਈ 0.301 ਮਨੋਰੋਗ ਮਾਹਿਰ ਅਤੇ 0.07 ਮਨੋਵਿਗਿਆਨੀ ਸਨ। ਇਹ ਹਾਲਤ ਪਿਛਲੇ 10 ਸਾਲਾਂ ’ਚ ਬਹੁਤ ਚੰਗੀ ਨਹੀਂ ਹੋਈ ਹੈ। ਅੰਕੜੇ ਦੱਸਦੇ ਹਨ ਕਿ ਸਾਲ 2017 ’ਚ ਭਾਰਤ ਦੀ ਵਿਸ਼ਾਲ ਆਬਾਦੀ ਲਈ ਸਿਰਫ 5 ਹਜ਼ਾਰ ਮਨੋਰੋਗ ਮਾਹਿਰ ਅਤੇ 2000 ਤੋਂ ਵੀ ਘੱਟ ਮਨੋਵਿਗਿਆਨੀ ਸਨ। ਉੱਥੇ ਹੀ ਕਾਮਨਵੈਲਥ ਦੇਸ਼ਾਂ ਦੇ ਨਿਯਮਾਂ ਅਨੁਸਾਰ ਪ੍ਰਤੀ 10 ਹਜ਼ਾਰ ’ਤੇ 5 ਮਨੋਵਿਗਿਆਨੀ ਹੋਣੇ ਚਾਹੀਦੇ ਹਨ। ਹਾਲ ਹੀ ’ਚ ਜਾਰੀ ਵਿਸ਼ਵ ਪ੍ਰਸੰਨਤਾ ਸੂਚਕ ਅੰਕ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ’ਚ ਮਰਦਾਂ ਦੀ ਬਜਾਏ ਔਰਤਾਂ ਘੱਟ ਖੁਸ਼ ਅਤੇ ਤਣਾਅਗ੍ਰਸਤ ਵੱਧ ਹੁੰਦੀਆਂ ਹਨ। ਇਸ ਲਈ ਇੱਥੇ ਅੌਰਤ ਆਤਮ-ਹੱਤਿਆ ਦਰ ਮਰਦਾਂ ਤੋਂ ਕਿਤੇ ਵੱਧ ਹੈ। ਦਰਅਸਲ ਭਾਰਤ ’ਚ ਘਰੇਲੂ ਹਿੰਸਾ, ਘੱਟ ਉਮਰ ’ਚ ਵਿਆਹ, ਛੋਟੀ ਉਮਰ ’ਚ ਮਾਂ ਬਣਨਾ, ਲਿੰਗਕ ਭੇਦਭਾਵ ਕਾਫੀ ਹੈ ਜੋ ਔਰਤਾਂ ’ਚ ਮਾਨਸਿਕ ਉਦਾਸੀ ਅਤੇ ਮਨੋਵਿਕਾਰਾਂ ਦਾ ਪ੍ਰਮੁੱਖ ਕਾਰਨ ਹੈ। ਔਰਤਾਂ ਮਾਨਸਿਕ ਸਿਹਤ ਦੇ ਨਜ਼ਰੀਏ ਤੋਂ ਮਰਦਾਂ ਦੀ ਬਜਾਏ ਵੱਧ ਸੰਵੇਦਨਸ਼ੀਲ ਹੁੰਦੀਆਂ ਹਨ ਪਰ ਸਮਾਜ ’ਚ ਇਸ ਤੱਥ ਦੀ ਅਣਦੇਖੀ ਔਰਤਾਂ ਨੂੰ ਮਾਨਸਿਕ ਰੋਗੀ ਬਣਾ ਰਹੀ ਹੈ।

ਪਿਛਲੇ ਦਿਨੀ ਡਬਲਯੂ. ਐੱਚ. ਓ. ਨੇ ਚਿਤਾਵਨੀ ਦਿੱਤੀ ਕਿ 2024 ਤੱਕ ਭਾਰਤ ਦੀ 20 ਫੀਸਦੀ ਤੋਂ ਵੀ ਵੱਧ ਆਬਾਦੀ ਮਾਨਸਿਕ ਰੋਗਾਂ ਤੋਂ ਪੀੜਤ ਹੋਵੇਗੀ। ਹੈਰਾਨੀਜਨਕ ਗੱਲ ਇਹ ਹੈ ਕਿ ਮਾਨਸਿਕ ਰੋਗੀਆਂ ਦੀ ਇੰਨੀ ਵੱਡੀ ਗਿਣਤੀ ਪਿੱਛੋਂ ਵੀ ਭਾਰਤ ’ਚ ਇਸ ਨੂੰ ਇਕ ਰੋਗ ਵਜੋਂ ਪਛਾਣ ਨਹੀਂ ਮਿਲ ਸਕੀ ਹੈ। ਇਹੀ ਇਸ ਦੇ ਇਲਾਜ ’ਚ ਚੁਣੌਤੀ ਹੈ।ਅੱਜ ਵੀ ਮਾਨਸਿਕ ਸਿਹਤ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ। ਇਸ ਨੂੰ ਕਲਪਨਿਕ ਮੰਨਿਆ ਜਾਂਦਾ ਹੈ। ਮਾਨਸਿਕ ਵਿਕਾਰਾਂ ਪ੍ਰਤੀ ਭਾਰਤ ’ਚ ਜਾਗਰੂਕਤਾ ਦੀ ਬਹੁਤ ਕਮੀ ਹੈ। ਜਾਗਰੂਕਤਾ ਦੀ ਇਸੇ ਘਾਟ ਅਤੇ ਅਗਿਆਨਤਾ ਕਾਰਨ ਲੋਕਾਂ ਵਲੋਂ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਸਿਹਤ ਵਿਕਾਰ ਤੋਂ ਪੀੜਤ ਵਿਅਕਤੀ ਨੂੰ ਮੰਦਬੁੱਧੀ ਮੰਨ ਲਿਆ ਜਾਂਦਾ ਹੈ। ਭਾਰਤ ’ਚ ਮਾਨਸਿਕ ਸਿਹਤ ਸਬੰਧੀ ਵਿਕਾਰਾਂ ਨਾਲ ਜੁੜੇ ਸਮਾਜਿਕ ਭਰਮ ਵੀ ਇਕ ਵੱਡੀ ਚੁਣੌਤੀ ਹਨ। ਭਾਰਤ ’ਚ ਜੇ ਕੋਈ ਵਿਅਕਤੀ ਇਕ ਵਾਰ ਕਿਸੇ ਮਾਨਸਿਕ ਰੋਗ ਤੋਂ ਪੀੜਤ ਹੋ ਜਾਂਦਾ ਹੈ ਤਾਂ ਜ਼ਿੰਦਗੀ ਭਰ ਉਸ ਨੂੰ ਸਮਾਜ ’ਚ ਬਹੁਤ ਮੁਸ਼ਕਿਲ ਮਾਹੌਲ, ਹਾਲਾਤ ’ਚ ਜਿਊਣਾ ਪੈਂਦਾ ਹੈ। ਉਸ ਦਾ ਸਮਾਜ ਦੀ ਮੁੱਖ ਧਾਰਾ ਨਾਲ ਜੁੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਹਾਲ ਦੀ ਘੜੀ ਮਾਨਸਿਕ ਸਿਹਤ ਨੂੰ ਬਿਹਤਰ ਸਥਿਤੀ ’ਚ ਲਿਆਉਣ ਦੇ ਰਾਹ ’ਚ ਬਹੁਤ ਚੁਣੌਤੀਆਂ ਹਨ ਪਰ ਇਕ ਸਹੀ ਜਾਗਰੂਕਤਾ ਮੁਹਿੰਮ ਨਾਲ ਇਸ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ।

ਸੀਮਾ ਅਗਰਵਾਲ


author

Tanu

Content Editor

Related News