ਈ. ਓ. ਨੇ ਬਗੈਰ ਨੋਟਿਸ ਦਿੱਤੇ ਚੁਕਵਾਇਆ ਖੋਖਾ, ਨਗਰ ਵਾਸੀਆਂ ਨੇ ਦਿੱਤੀ ਚੇਤਾਵਨੀ
Thursday, May 17, 2018 - 11:31 PM (IST)

ਬਾਲਿਆਂਵਾਲੀ,(ਸ਼ੇਖਰ )—ਸਬ ਤਹਿਸੀਲ ਬਾਲਿਆਂਵਾਲੀ ਵਿਖੇ ਫੋਟੋ ਸਟੇਟ ਵਗੈਰਾ ਦਾ ਕੰਮਕਾਰ ਕਰਨ ਲਈ ਲੱਗੇ ਹੋਏ ਲੋਹੇ ਦੇ ਖੋਖੇ ਨੂੰ ਨਗਰ ਪੰਚਾਇਤ ਬਾਲਿਆਂਵਾਲੀ ਦੇ ਈ. ਓ. ਐਗਜ਼ਕਿਊਟਿਵ ਅਫਸਰ ਵਲੋਂ ਬਿਨਾਂ ਕਿਸੇ ਨੋਟਿਸ ਦਿੱਤੇ ਚੁਕਵਾ ਦਿੱਤਾ ਗਿਆ, ਜਿਸ ਕਾਰਨ ਦੁਕਾਨਦਾਰਾਂ ਅਤੇ ਸਥਾਨਕ ਨਗਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਦੌਰਾਨ ਕਿਸਾਨ ਆਗੂ ਭੋਲਾ ਸਿੰਘ ਬਾਲਿਆਂਵਾਲੀ ਤੇ ਮਹਿੰਦਰ ਸਿੰਘ ਕੱਲੂ ਨੇ ਨਗਰ ਪੰਚਾਇਤ ਦੇ ਸਮੂਹ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 3 ਦਿਨਾਂ 'ਚ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ ਵਿੱਢਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਜ਼ਿਲ੍ਹਾ ਆਗੂ ਭੋਲਾ ਸਿੰਘ ਬਾਲਿਆਂਵਾਲੀ, ਭਾਕਿਯੂ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਮਹਿੰਦਰ ਸਿੰਘ ਕੱਲੂ, ਭਾਕਿਯੂ ਉਗਰਾਹਾਂ ਦੇ ਬਲਾਕ ਖਜ਼ਾਨਚੀ ਹਰਨੇਕ ਸਿੰਘ ਸਿੱਧੂ ਤੇ ਪ੍ਰਧਾਨ ਹੇਮਰਾਜ ਸ਼ਰਮਾ ਨੇ ਦੱਸਿਆ ਕਿ ਕੁਲਦੀਪ ਕੁਮਾਰ ਮਤਵਾਲਾ ਦੇ ਬੱਚੇ ਪੜੇ ਲਿਖੇ ਹਨ ਅਤੇ ਫਿਲਹਾਲ ਬੇਰੁਜ਼ਗਾਰ ਹਨ। ਜਿਸ ਲਈ ਉਨ੍ਹਾਂ ਸਬ ਤਹਿਸੀਲ 'ਚ ਫੋਟੋ ਸਟੇਟ ਦਾ ਕੰਮ ਕਰਨ ਲਈ ਖੋਖਾ ਰੱਖਿਆ ਸੀ ਪਰ ਕਾਰਜ ਸਾਧਕ ਅਧਿਕਾਰੀ ਗੁਰਦਾਸ ਸਿੰਘ ਵਲੋਂ ਬਿਨਾਂ ਨੋਟਿਸ ਦੇ ਇਹ ਖੋਖਾ ਪੁਟਵਾ ਦਿੱਤਾ ਗਿਆ। ਕੁਲਦੀਪ ਕੁਮਾਰ ਨੇ ਕਿਹਾ ਕਿ ਉਸ ਦਾ 50000 ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਨਗਰ ਵਿਚ ਬਹੁਤ ਸਾਰੇ ਖੋਖੇ ਰੱਖੇ ਹੋਏ ਹਨ ਪਰ ਕਿਸੇ ਨੂੰ ਕਦੇ ਨੋਟਿਸ ਵੀ ਨਹੀਂ ਕੱਢਿਆ ਗਿਆ, ਜਦ ਕਿ ਈ. ਓ. ਨੇ ਬਗੈਰ ਕਿਸੇ ਚਿਤਾਵਨੀ ਤੋਂ ਉਸ ਦਾ ਖੋਖਾ ਪੁੱਟਕੇ ਦਫਤਰ ਦੇ ਪਿਛਲੇ ਪਾਸੇ ਸਿੱਟਵਾ ਦਿੱਤਾ। ਜਿਸ ਕਾਰਨ ਸਾਰਾ ਖੋਖਾ ਤਹਿਸ-ਨਹਿਸ ਹੋ ਗਿਆ ਹੈ।
ਕੁਲਦੀਪ ਮਤਵਾਲਾ ਨੇ ਉਕਤ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਸ ਥਾਣਾ ਬਾਲਿਆਂਵਾਲੀ ਵਿਖੇ ਕਾਰਜ ਸਾਧਕ ਅਧਿਕਾਰੀ ਗੁਰਦਾਸ ਸਿੰਘ ਅਤੇ ਸਟਾਫ ਦੇ ਵਿਰੁੱਧ ਦਰਖਾਸਤ ਵੀ ਦਿੱਤੀ ਹੈ। ਇਸ ਬਾਰੇ ਕਾਰਜ ਸਾਧਕ ਅਧਿਕਾਰੀ ਗੁਰਦਾਸ ਸਿੰਘ ਨੇ ਕਿਹਾ ਕਿ ਮੈਨੂੰ ਨਾ ਖੋਖਾ ਰੱਖਣ ਬਾਰੇ ਜਾਣਕਾਰੀ ਹੈ ਅਤੇ ਨਾ ਹੀ ਖੋਖਾ ਪੁੱਟਣ ਬਾਰੇ। ਜਦ ਕਿ ਨਗਰ ਪੰਚਾਇਤ ਦਫਤਰ ਦੇ ਕਲਰਕ ਜਸਵੀਰ ਸਿੰਘ ਅਤੇ ਇੰਸਪੈਕਟਰ ਗੋਪਾਲ ਸ਼ਰਮਾ ਨੇ ਕਿਹਾ ਕਿ ਖੋਖਾ ਈ. ਓ ਦੇ ਹੁਹੁਕਮਾਂ 'ਤੇ ਪੁੱਟਿਆ ਗਿਆ ਸੀ। ਇਸ ਸਬੰਧੀ ਥਾਣਾ ਮੁਖੀ ਸੰਦੀਪ ਭਾਟੀ ਨੇ ਕਿ ਕਿਹਾ ਕਿ ਉਹ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨਗੇ।