ਪੀ. ਯੂ. ਦੇ ਦਰਜਾ ਤਿੰਨ ਕਰਮਚਾਰੀਆਂ ਨੂੰ ਮਿਲੇਗੀ 6 ਸਾਲਾਂ ਬਾਅਦ ਯੂਨੀਫਾਰਮ

Wednesday, Jun 06, 2018 - 12:43 PM (IST)

ਪੀ. ਯੂ. ਦੇ ਦਰਜਾ ਤਿੰਨ ਕਰਮਚਾਰੀਆਂ ਨੂੰ ਮਿਲੇਗੀ 6 ਸਾਲਾਂ ਬਾਅਦ ਯੂਨੀਫਾਰਮ

ਚੰਡੀਗੜ੍ਹ (ਰਸ਼ਿਮ ਹੰਸ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਦਰਜਾ ਤਿੰਨ ਕਰਮਚਾਰੀਆਂ ਨੂੰ 6 ਸਾਲਾਂ ਬਾਅਦ ਯੂਨੀਫਾਰਮ ਦਿੱਤੀ ਜਾ ਰਹੀ ਹੈ, ਜਦਕਿ ਮੁਲਾਜ਼ਮਾਂ ਨੂੰ ਇਹ ਯੂਨੀਫਾਰਮ ਇਸ ਤੋਂ ਪਹਿਲਾਂ 2015-16 ਵਿਚ ਦਿੱਤੀ ਜਾਣੀ ਚਾਹੀਦੀ ਸੀ। ਪੀ. ਯੂ. ਵਿਚ 800 ਦਰਜਾ ਤਿੰਨ ਮੁਲਾਜ਼ਮ ਹਨ। ਪਹਿਲਾਂ ਮੁਲਾਜ਼ਮਾਂ ਨੂੰ ਯੂਨੀਫਾਰਮ ਦੇਣ ਦੇ ਆਡਿਟ 'ਤੇ ਇਤਰਾਜ਼ ਲਾਇਆ ਗਿਆ ਸੀ। ਬਾਅਦ ਵਿਚ ਯੂਨੀਫਾਰਮ ਦੇਣ ਲਈ ਟੈਂਡਰ ਦੇਰ ਨਾਲ ਕੱਢੇ ਗਏ। ਇਸ ਲਈ ਦਰਜਾ ਤਿੰਨ ਦੇ ਜਿਹੜੇ ਮੁਲਾਜ਼ਮਾਂ ਨੂੰ ਹਰ ਤਿੰਨ ਸਾਲਾਂ ਦੌਰਾਨ ਨਵੀਂ ਯੂਨੀਫਾਰਮ ਦਿੱਤੀ ਜਾਂਦੀ ਹੈ, ਇਨ੍ਹਾਂ ਨੂੰ ਇਸ ਵਾਰ ਲਗਭਗ 6 ਸਾਲਾਂ ਬਾਅਦ ਮਿਲ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਤਿੰਨ ਯੂਨੀਫਾਰਮ ਦੇ ਜੋੜੇ ਗਰਮੀਆਂ ਲਈ ਤੇ ਇਕ ਜੋੜਾ ਸਰਦੀਆਂ ਲਈ ਦਿੱਤਾ ਜਾਂਦਾ ਹੈ। 
ਜਾਣਕਾਰੀ ਮੁਤਾਬਕ ਪੀ. ਯੂ. ਦੇ ਮੁਲਾਜ਼ਮਾਂ ਲਈ ਪਹਿਲਾਂ ਬਜਟ 18 ਲੱਖ ਰੁਪਏ ਤਕ ਰੱਖਿਆ ਜਾਂਦਾ ਸੀ ਪਰ ਹੁਣ ਇਹ ਬਜਟ 18 ਤੋਂ ਵਧਾ ਕੇ 24 ਲੱਖ ਰੁਪਏ ਦਾ ਰੱਖਿਆ ਗਿਆ ਹੈ। ਇਨ੍ਹਾਂ ਨੂੰ ਹੁਣ ਯੂਨੀਫਾਰਮ ਸਿਲਾਉਣ ਲਈ 992 ਰੁਪਏ ਮਿਲ ਰਹੇ ਹਨ, ਹਾਲਾਂਕਿ ਪਹਿਲਾਂ 492 ਰੁਪਏ ਦਿੱਤੇ ਜਾਂਦੇ ਸਨ। ਉਥੇ ਹੀ ਇਨ੍ਹਾਂ ਨੂੰ ਹਰੇਕ 2 ਸਾਲਾਂ ਬਾਅਦ ਯੂਨੀਫਾਰਮ ਨਾਲ ਜੁੱਤੀ ਵੀ ਮਿਲਦੀ ਸੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਯੂਨੀਫਾਰਮ ਸਮੇਂ ਸਿਰ ਮਿਲਣੀ ਚਾਹੀਦੀ ਹੈ। ਤਿੰਨ ਸਾਲਾਂ ਬਾਅਦ ਮਿਲਣ ਵਾਲੀ ਯੂਨੀਫਾਰਮ ਜੇਕਰ 6 ਸਾਲਾਂ ਬਾਅਦ ਮਿਲੇਗੀ ਤਾਂ ਮੁਲਾਜ਼ਮ ਕਿਵੇਂ ਪੁਰਾਣੀ ਯੂਨੀਫਾਰਮ ਪਾਉਂਦੇ ਰਹਿਣਗੇ। 
ਇਹ ਸੀ ਇਤਰਾਜ਼
ਆਡਿਟ ਨੇ ਆਬਜੈਕਸ਼ਨ ਲਾਇਆ ਸੀ ਕਿ ਪੰਜਾਬ ਸਰਕਾਰ ਦੇ ਨਿਯਮ ਹਨ ਤੇ ਰੇਟ ਯੂਨੀਫਾਰਮ ਲਈ ਤੈਅ ਕੀਤੇ ਗਏ ਹਨ ਪਰ ਉਸ ਤੋਂ ਕਈ ਗੁਣਾ ਵੱਧ ਰੇਟ ਦੇ ਹਿਸਾਬ ਨਾਲ ਮੁਲਾਜ਼ਮਾਂ ਨੂੰ ਮਹਿੰਗੀ ਯੂਨੀਫਾਰਮ ਜਾਂ ਜੁੱਤੀ ਖਰੀਦ ਕੇ ਦਿੱਤੇ ਜਾਂਦੇ ਹਨ, ਜਦਕਿ ਪੰਜਾਬ ਸਰਕਾਰ ਤੈਅ ਕੀਤੇ ਰੇਟ ਮੁਤਾਬਕ ਹੀ ਮੁਲਾਜ਼ਮਾਂ ਨੂੰ ਯੂਨੀਫਾਰਮ ਤੇ ਜੁੱਤੀ ਖਰੀਦ ਕੇ ਦਿੰਦੀ ਹੈ। ਦਰਜਾ ਤਿੰਨ ਮੁਲਾਜ਼ਮ ਅਸੋਸੀਏਸ਼ਨ ਦੇ ਮੁਖੀ ਵਿਜੇ ਡੋਗਰਾ ਨੇ ਕਿਹਾ ਕਿ ਅਸੀਂ ਪਿਛਲੇ ਸਾਲਾਂ ਤੋਂ ਇਸ ਵਾਰੀ ਯੂਨੀਫਾਰਮ ਲਈ ਵੱਧ ਬਜਟ ਬਣਾਇਆ ਹੈ, ਇਹ ਚੰਗੀ ਗੱਲ ਹੈ ਪਰ ਯੂਨੀਫਾਰਮ ਸਮੇਂ ਸਿਰ ਮਿਲਣੀ ਚਾਹੀਦੀ ਹੈ। ਰਾਮਾਨੰਦ ਨੇ ਕਿਹਾ ਕਿ ਪੀ. ਯੂ. ਮੈਨੇਜਮੈਂਟ ਵਲੋਂ ਟੈਂਡਰ ਆਦਿ ਦਾ ਕੰਮ ਛੇਤੀ ਨਿਪਟਾ ਲੈਣਾ ਚਾਹੀਦਾ ਹੈ।


Related News