ਬਿਜਲੀ ਦੀ ਨਾਕਸ ਸਪਲਾਈ ਕਾਰਨ ਕਿਸਾਨਾਂ ਕੀਤਾ ਰੋਸ ਪ੍ਰਦਰਸ਼ਨ

05/25/2018 3:55:31 AM

ਮੇਹਟੀਆਣਾ, (ਸੰਜੀਵ)- ਦੁੱਗਰੀ ਫੀਡਰ 'ਤੇ ਬੀਤੇ ਕੁਝ ਦਿਨਾਂ ਤੋਂ ਬਿਜਲੀ ਦੀ ਨਾਕਸ ਅਤੇ ਬੇਵਕਤੀ ਸਪਲਾਈ ਕਾਰਨ ਕਿਸਾਨਾਂ ਵਲੋਂ ਅੱਜ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪਿੰਡ ਮਰਨਾਈਆਂ ਵਿਖੇ ਵਿਭਾਗ ਖ਼ਿਲਾਫ਼ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਦੁੱਗਰੀ ਫੀਡਰ ਅਧੀਨ ਆਉਂਦੀਆਂ ਮੋਟਰਾਂ 'ਤੇ ਬਿਜਲੀ ਸਪਲਾਈ ਪਿਛਲੇ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਫ਼ਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫੀਡਰ ਅਧੀਨ ਪਿੰਡ ਸਾਹਰੀ, ਤਨੂੰਲੀ, ਮਰਨਾਈਆਂ ਕਲਾਂ ਤੇ ਖ਼ੁਰਦ, ਡਵਿੱਡਾ ਰਿਹਾਣਾ ਪਿੰਡਾਂ ਦੀਆਂ ਮੋਟਰਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫੀਡਰ ਪਹਿਲਾਂ ਵੀ ਲੰਮੇ ਸਮੇਂ ਤੋਂ ਖ਼ਰਾਬ ਚੱਲਦਾ ਆ ਰਿਹਾ ਹੈ, ਜਿਸ ਦੀ ਸ਼ਿਕਾਇਤ ਕਈ ਵਾਰ ਉੱਚ ਅਧਿਕਾਰੀਆਂ ਨੂੰ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। 
ਇਸ ਸਮੇਂ ਰਣਧੀਰ ਸਿੰਘ ਮਰਨਾਈਆਂ, ਕੁਲਵਿੰਦਰ ਸਿੰਘ ਡਵਿੱਡਾ, ਹਰਦੀਪ ਸਿੰਘ, ਲਖਵਿੰਦਰ ਸਿੰਘ, ਅਮਰ ਸਿੰਘ ਪੰਡੋਰੀ ਬੀਬੀ, ਗੁਰਦੀਪ ਸਿੰਘ ਹਰਖ਼ੋਵਾਲ, ਅਮਨਦੀਪ ਸਿੰਘ ਮਰਨਾਈਆਂ, ਸੋਹਣ ਸਿੰਘ ਸਾਹਰੀ, ਪੂੰਨਾ ਸਿੰਘ, ਸਤਨਾਮ ਸਿੰਘ, ਲਵਲੀ ਡਵਿੱਡਾ, ਮਨਜੀਤ ਸਿੰਘ, ਰਜਿੰਦਰ ਸਿੰਘ ਡਵਿੱਡਾ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ। 
ਜਾਮ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਹੁੰਚੇ ਐੱਸ.ਡੀ.ਓ. ਸੁਖਦੇਵ ਸਿੰਘ ਨੇ ਤੁਰੰਤ ਉੱਚ ਅਧਿਕਾਰੀਆਂ ਅਤੇ ਪਾਵਰ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਮੌਕੇ 'ਤੇ ਦੁੱਗਰੀ ਫੀਡਰ ਦੀ ਸਪਲਾਈ ਅੱਤੋਵਾਲ ਫੀਡਰ ਤੋਂ ਸ਼ੁਰੂ ਕਰ ਦਿੱਤੀ। 


Related News