ਬੈਂਕਾਂ ਦੀ ਹੜਤਾਲ ; 800 ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
Thursday, May 31, 2018 - 01:40 AM (IST)
ਪਟਿਆਲਾ(ਪਰਮੀਤ)-ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ (ਯੂ. ਐੈੱਫ. ਬੀ. ਯੂ.) ਜੋ ਕਿ ਦੇਸ਼ ਭਰ ਵਿਚ 9 ਬੈਂਕ ਸੰਗਠਨਾਂ ਦੀ ਮੁੱਖ ਜਥੇਬੰਦੀ ਹੈ, ਦੇ ਸੱਦੇ 'ਤੇ ਅੱਜ ਪਟਿਆਲਾ ਦੇ ਸਾਰੇ ਬੈਂਕਾਂ ਵਿਚ ਮੁਕੰਮਲ ਹੜਤਾਲ ਰੱਖੀ ਗਈ। ਇਹ ਹੜਤਾਲ ਦੋ ਦਿਨ 30 ਅਤੇ 31 ਮਈ ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਹੜਤਾਲ ਕਾਰਨ ਵਪਾਰਕ ਲੈਣ-ਦੇਣ ਤੇ ਵਿੱਤੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਅੱਜ ਇਥੇ ਭਾਰਤੀ ਸਟੇਟ ਬੈਂਕ ਦੇ ਪ੍ਰਸ਼ਾਸਕੀ ਦਫਤਰ, ਸ਼ੇਰਾਂਵਾਲਾ ਗੇਟ ਤੇ ਮਾਲ ਰੋਡ ਦੇ ਬਾਹਰ 800 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਹ ਜਲਦੀ ਤਨਖਾਹ ਵਾਧਾ ਅਤੇ 5 ਦਿਨੀਂ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਦੀ ਮੰਗ ਕਰ ਰਹੇ ਸਨ।
ਇਸ ਮੌਕੇ ਐੈੱਸ. ਬੀ. ਆਈ. ਅਫਸਰ ਐਸੋਸੀਏਸ਼ਨ ਦੇ ਉੱਪ ਮਹਾ-ਸਕੱਤਰ ਅਤੇ ਯੂ. ਐੈੱਫ. ਬੀ. ਯੂ., ਪਟਿਆਲਾ ਦੇ ਕਨਵੀਨਰ ਤੇ ਕਾਮਰੇਡ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਅੱਜ ਅਤੇ ਕੱਲ ਦੇਸ਼ ਭਰ ਦੇ 10 ਲੱਖ ਤੋਂ ਵੀ ਵੱਧ ਬੈਂਕ ਅਧਿਕਾਰੀ ਅਤੇ ਕਰਮਚਾਰੀ ਹੜਤਾਲ 'ਤੇ ਰਹਿਣਗੇ। ਉਨ੍ਹਾਂ 5 ਰੋਜ਼ਾ ਬੈਂਕਿੰਗ ਪ੍ਰਣਾਲੀ ਅਪਣਾਉਣ ਦੀ ਪੁਰਾਣੀ ਮੰਗ ਦਾ ਵੀ ਸਮਰਥਨ ਕੀਤਾ। ਇਸ ਸਮੇਂ ਏ. ਆਈ. ਬੀ. ਈ. ਏ. ਦੇ ਕਾਮਰੇਡ ਸੁਸ਼ੀਲ ਗੌਤਮ, ਐੈੱਨ. ਸੀ. ਬੀ. ਈ. ਦੇ ਕਾਮਰੇਡ ਗੁਰਮੀਤ ਕੌਰ ਕਾਲਰਾ ਅਤੇ ਕਾਮਰੇਡ ਵਿਨੋਦ ਸ਼ਰਮਾ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਤੇ ਆਈ. ਬੀ. ਏ. ਨੇ ਸੰਤੋਸ਼ਜਨਕ ਤਨਖਾਹ ਵਾਧੇ ਦਾ ਫੈਸਲਾ ਨਾ ਕੀਤਾ ਤਾਂ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਤੋਂ ਬਾਅਦ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਾ ਪਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਕਰੋੜਾਂ ਰੁਪਏ ਦਾ ਗਬਨ ਕਰਨ ਵਾਲਿਆਂ ਨੂੰ ਫੜਨ ਵਿਚ ਨਾਕਾਮਯਾਬ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੇ ਬੈਂਕ ਦੇਸ਼ ਦੀ ਅਰਥ-ਵਿਵਸਥਾ ਦੀ ਰੀੜ੍ਹ ਦੇ ਹੱਡੀ ਹਨ ਪਰ ਸਾਡੀਆਂ ਜਾਇਜ਼ ਮੰਗਾਂ ਦੀ ਕਦਰ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਵੱਖ-ਵੱਖ ਬੈਂਕਾਂ ਦੇ ਹੋਰ ਨੇਤਾਵਾਂ ਜਿਨ੍ਹਾਂ ਵਿਚ ਕਾਮਰੇਡ ਹਰਿੰਦਰ ਗੁਪਤਾ, ਪ੍ਰਧਾਨ ਐੱਸ. ਬੀ. ਆਈ. ਅਧਿਕਾਰੀ ਐਸੋਸੀਏਸ਼ਨ, ਏ. ਆਈ. ਬੀ. ਓ. ਸੀ. ਪੰਜਾਬ ਦੇ ਪ੍ਰਧਾਨ ਕਾਮਰੇਡ ਜਗਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਇੰਡੀਆ ਦੇ ਕਾਮਰੇਡ ਹਰਸ਼ਵਿੰਦਰ ਸਿੰਘ, ਏ. ਆਈ. ਬੀ. ਓ. ਸੀ. ਪਟਿਆਲਾ ਦੇ ਸਕੱਤਰ ਕਾਮਰੇਡ ਜਸਬੀਰ ਸਿੰਘ, ਕਾਮਰੇਡ ਹਰਬਾਗ ਸਿੰਘ, ਕਾਮਰੇਡ ਗੁਰਮੁਖ ਸਿੰਘ, ਸਹਾਇਕ ਖਜ਼ਾਨਚੀ ਏ. ਆਈ. ਬੀ. ਓ. ਸੀ. ਪੰਜਾਬ, ਕਾਮਰੇਡ ਮਨੀਸ਼ ਕੁਮਾਰ, ਕਾਮਰੇਡ ਅਭਿਨਵ ਗੋਇਲ, ਕਾਮਰੇਡ ਦੇਵਿੰਦਰ ਸਿੰਘ, ਕਾਮਰੇਡ ਰਾਕੇਸ਼ ਵਰਮੀ, ਕਾਮਰੇਡ ਬਲਵਿੰਦਰ ਸਿੱਧੂ, ਕਾਮਰੇਡ ਯਾਦਵਿੰਦਰ ਸਿੰਗਲਾ, ਕਾਮਰੇਡ ਅੰਮ੍ਰਿਤਪਾਲ ਸਿੰਘ, ਕਾਮਰੇਡ ਅਮਨਜੋਤ ਸਿੰਘ, ਕਾਮਰੇਡ ਦਿਨੇਸ਼ ਗੁਪਤਾ, ਕੇਨਰਾ ਬੈਂਕ ਦੇ ਕਾਮਰੇਡ ਪਰਮਿੰਦਰ ਸਿੰਘ ਅਤੇ ਕਾਮਰੇਡ ਸੰਜੀਵ ਪਰਾਸ਼ਰ, ਅਲਾਹਾਬਾਦ ਬੈਂਕ ਕੇ ਕਾਮਰੇਡ ਪਰਦੁੱਮਣ ਸਿੰਘ, ਪੰਜਾਬ ਬੈਂਕ ਕਰਮਚਾਰੀ ਫ਼ੈੱਡਰੇਸ਼ਨ ਦੇ ਕਾਮਰੇਡ ਯਾਦਵਿੰਦਰ ਗੁਪਤਾ, ਕਾਮਰੇਡ ਸਨਮੀਤ ਸਿੰਘ, ਕਾਮਰੇਡ ਲਵਲੀਨ ਸੈਣੀ, ਕਾਮਰੇਡ ਬਲਬੀਰ ਸ਼ਰਮਾ, ਕਾਮਰੇਡ ਸੁਖਬੀਰ ਸਿੰਘ, ਪੰਜਾਬ ਅਤੇ ਸਿੰਧ ਬੈਂਕ ਤੋਂ ਕਾਮਰੇਡ ਮੰਗਾ ਰਾਮ, ਇੰਡੀਅਨ ਓਵਰਸੀਜ਼ ਬੈਂਕ ਤੋਂ ਕਾਮਰੇਡ ਰਣਬੀਰ ਕੁਮਾਰ, ਯੂਨਾਈਟਡ ਬੈਂਕ ਓਫ ਇੰਡੀਆ ਤੋਂ ਕਾਮਰੇਡ ਰੱਜ਼ਾਕ ਅਤੇ ਐੈੱਨ. ਸੀ. ਬੀ. ਈ. ਕਾਮਰੇਡ ਇੰਦਰਜੀਤ ਸਿੰਘ ਸ਼ੇਰਗਿੱਲ ਨੇ ਸੰਬੋਧਨ ਕੀਤਾ।
