ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਏ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Monday, Apr 06, 2026 - 11:28 AM (IST)
ਅਬੋਹਰ (ਸੁਨੀਲ) : ਹਿੰਦੂਮਲਕੋਟ ਰੋਡ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਬਾਈਪਾਸ ’ਤੇ ਇਕ ਟਰੈਕਟਰ ਏਜੰਸੀ ਦੇ ਨੇੜੇ ਇਕ ਕਾਰ ’ਚ ਬੇਹੋਸ਼ ਪਿਆ ਮਿਲਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਬਿਨਾਂ ਪੋਸਟਮਾਰਟਮ ਕਰਵਾਏ ਘਰ ਲੈ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਬੀਤੀ ਸਵੇਰੇ 11 ਵਜੇ ਨਸ਼ਾ ਛੁਡਾਊ ਕੇਂਦਰ ਤੋਂ ਘਰ ਵਾਪਸ ਆਇਆ ਸੀ। ਮ੍ਰਿਤਕ ਰਸ਼ਪਾਲ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 12ਵੀਂ ਜਮਾਤ ਪਾਸ ਕਰ ਚੁੱਕਾ ਸੀ ਅਤੇ ਹੁਣ ਆਪਣੀ ਬੀ. ਏ. ਦੀ ਪੜ੍ਹਾਈ ਸ਼ੁਰੂ ਕਰ ਰਿਹਾ ਸੀ।
ਇਸ ਦੌਰਾਨ ਉਹ ਕੁਝ ਨੌਜਵਾਨਾਂ ਨਾਲ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਨੇ ਤੁਰੰਤ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ। ਉਸ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿਚ 3 ਮਹੀਨੇ ਰਹਿਣ ਤੋਂ ਬਾਅਦ ਉਹ ਬੀਤੀ ਸਵੇਰੇ 11 ਵਜੇ ਉਸ ਨੂੰ ਘਰ ਵਾਪਸ ਲੈ ਆਏ। ਰਸ਼ਪਾਲ ਅਚਾਨਕ ਆਪਣੀ ਕਾਰ ’ਚ ਘਰੋਂ ਨਿਕਲ ਗਿਆ, ਜਿਸ ਕਾਰਨ ਉਸ ਦੀ ਤਲਾਸ਼ ਕੀਈ ਗਈ। ਇਸ ਦੌਰਾਨ ਉਨ੍ਹਾਂ ਨੂੰ ਬਾਈਪਾਸ ’ਤੇ ਆਈਸ਼ਰ ਟਰੈਕਟਰ ਏਜੰਸੀ ਨੇੜੇ ਇਕ ਕਾਰ ਵਿਚ ਬੇਹੋਸ਼ ਪਿਆ ਹੋਣ ਦਾ ਪਤਾ ਲੱਗਿਆ। ਉਹ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਲਿਆ ਕੇ ਖੁਸ਼ ਸੀ, ਇਹ ਜਾਣਦੇ ਹੋਏ ਕਿ ਉਸ ਨੇ ਨਸ਼ੇ ਪੂਰੀ ਤਰ੍ਹਾਂ ਛੱਡ ਦਿੱਤੇ ਸਨ ਪਰ ਉਸ ਨੂੰ ਕੀ ਪਤਾ ਸੀ ਕਿ ਉਸੇ ਦਿਨ ਉਸ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ।
