ਮੁਕਤਸਰ ’ਚ ਕੇਂਦਰੀ ਟੀਮ ਵੱਲੋਂ ਕਣਕ ਦੀ ਕੁਆਲਿਟੀ ਦੀ ਜਾਂਚ

Monday, Apr 13, 2026 - 04:06 PM (IST)

ਮੁਕਤਸਰ ’ਚ ਕੇਂਦਰੀ ਟੀਮ ਵੱਲੋਂ ਕਣਕ ਦੀ ਕੁਆਲਿਟੀ ਦੀ ਜਾਂਚ

ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਪਵਨ ਤਨੇਜਾ, ਖੁਰਾਣਾ) : ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਨੇ ਮੁਕਤਸਰ ਜ਼ਿਲੇ ਦੀਆਂ ਭਲਾਈਆਣਾ, ਮਲੋਟ ਤੇ ਮੁਕਤਸਰ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਕੁਆਲਿਟੀ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮ ਵੱਲੋਂ ਮੰਡੀ ’ਚ ਆ ਰਹੀ ਕਣਕ ਦੇ ਨਮੂਨੇ ਇਕੱਠੇ ਕਰਕੇ ਨਮੀ, ਦਾਣਿਆਂ ਦੀ ਹਾਲਤ ਅਤੇ ਰੰਗ ਆਦਿ ਦੀ ਜਾਂਚ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਗੜੇਮਾਰ ਤੇ ਭਾਰੀ ਮੀਂਹ ਦੇ ਪ੍ਰਭਾਵ ਨਾਲ ਕਈ ਥਾਵਾਂ ’ਤੇ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਅਤੇ ਕੁਝ ’ਚ ਅੰਕੁਰਣ ਵੀ ਹੋ ਗਿਆ ਹੈ, ਜਿਸ ਨਾਲ ਗੁਣਵੱਤਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਟੀਮ ਅੱਗੇ ਰੱਖਦਿਆਂ ਮੰਗ ਕੀਤੀ ਕਿ ਨੁਕਸਾਨੀ ਕਣਕ ਦੀ ਖਰੀਦ ਸਮੇਂ ਨਮੀ, ਦਾਣਿਆਂ ਦੀ ਹਾਲਤ ਅਤੇ ਰੰਗ ਆਦਿ ਦੇ ਨਿਯਮਾਂ ’ਚ ਢਿੱਲ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਜਾਂਚ ਟੀਮ ’ਚ ਸ਼ਾਮਲ ਕੇਂਦਰ ਸਰਕਾਰ ਦੇ ਅਧਿਕਾਰੀ ਅਭਿਸ਼ੇਕ ਪਾਂਡੇ ਸਮੇਤ ਐੱਫ. ਸੀ. ਆਈ. ਏ. ਜੀ. ਐੱਮ. (ਕੁਆਲਟੀ) ਨੀਨਾਵੱਥ ਰਾਮੳਲੂ, ਮੈਨੇਜਰ (ਕੁਆਲਟੀ) ਸੋਹਣ ਸਿੰਘ ਮੀਨਾ, ਮੈਨੇਜਰ ਐੱਫ. ਸੀ. ਆਈ. ਸੰਜੇ ਕੁਮਾਰ, ਗੁਰੀ ਸ਼ੰਕਰ ਟੀ. ਏ. ਆਦਿ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੇਗੀ ਅਤੇ ਜਲਦੀ ਹੀ ਇਸ ਮਾਮਲੇ ’ਚ ਫੈਸਲਾ ਲਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਮੰਡੀਆਂ ’ਚ ਆ ਰਹੇ ਅਨਾਜ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਖਰੀਦ ਪ੍ਰਕਿਰਿਆ ’ਚ ਪਾਰਦਰਸ਼ਤਾ ਬਣੀ ਰਹੇ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਮੌਕੇ ਮੁਕਤਸਰ ਜ਼ਿਲੇ ਦੇ ਡੀ. ਐੱਫ. ਐੱਸ. ਓ. ਗੁਰਤਾਰ ਸਿੰਘ ਬੁੱਟਰ, ਏ. ਐੱਫ. ਐੱਸ. ਓ. ਮਨਿੰਦਰ ਸਿੰਘ, ਖਰੀਦ ਏਜੰਸੀਆ ਦੇ ਅਧਿਕਾਰੀ ਹਰਮੀਤ ਸਿੰਘ ਜੌੜਾ, ਸੁਨੀਲ ਕੁਮਾਰ, ਅਮਰਿੰਦਰ ਸਿੰਘ, ਵਰਿੰਦਰ ਸਿੰਘ, ਬਿਕਰਮਜੀਤ ਸਿੰਘ, ਰਮਨਦੀਪ ਸਮਾਘ ਤੋਂ ਇਲਾਵਾ ਆੜ੍ਹਤੀਏ ਤੇ ਕਿਸਾਨਾਂ ਦੀ ਮੌਜੂਦਗੀ ’ਚ ਨਿਰੀਖਣ ਟੀਮ ਵੱਲੋਂ ਮੰਡੀਆਂ ’ਚ ਕਣਕ ਦੇ ਸੈਂਪਲ ਇਕੱਠੇ ਕਰ ਕੇ ਜਾਂਚ ਲਈ ਭੇਜੇ ਗਏ ਹਨ।


author

Gurminder Singh

Content Editor

Related News