ਸਿਵਲ ਹਸਪਤਾਲ ਦੀ ਸੁਰੱਖਿਆ ਰੱਬ ਆਸਰੇ! ਬਿਨਾਂ ਪੁਲਸ ਮੁਲਾਜ਼ਮਾਂ ਦੇ ਹੱਥਕੜੀ ਪਾਈ ਸ਼ਰੇਆਮ ਘੁੰਮਦੇ ਦਿਖੇ ਨੌਜਵਾਨ
Saturday, Apr 11, 2026 - 03:47 PM (IST)
ਲੁਧਿਆਣਾ (ਰਾਜ): ਸਿਵਲ ਹਸਪਤਾਲ ਤੋਂ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਹੈ। ਹਸਪਤਾਲ ਕੰਪਲੈਕਸ ਵਿਚ ਦੋ ਨੌਜਵਾਨਾਂ ਨੂੰ ਸ਼ਰੇਆਮ ਹੱਥਕੜੀ ਪਹਿਨੇ ਹੋਏ ਇਕੱਲੇ ਘੁੰਮਦੇ ਦੇਖਿਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਇਕ ਵੀ ਪੁਲਸ ਮੁਲਾਜ਼ਮ ਨਜ਼ਰ ਨਹੀਂ ਆਇਆ। ਬਿਨਾਂ ਕਿਸੇ ਸੁਰੱਖਿਆ ਘੇਰੇ ਦੇ ਹੱਥਕੜੀ ਲੱਗੇ ਇਨ੍ਹਾਂ ਨੌਜਵਾਨਾਂ ਦਾ ਇਸ ਤਰ੍ਹਾਂ ਖੁੱਲ੍ਹੇਆਮ ਘੁੰਮਣਾ ਪੁਲਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੱਲ ਇਸ਼ਾਰਾ ਕਰ ਰਿਹਾ ਹੈ।
ਹਸਪਤਾਲ ਵਿਚ ਮੌਜੂਦ ਲੋਕ ਉਸ ਵਕਤ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਇਨ੍ਹਾਂ ਹਵਾਲਾਤੀਆਂ ਨੂੰ ਬਿਨਾਂ ਕਿਸੇ ਪਹਿਰੇ ਦੇ ਇੱਧਰ-ਉੱਧਰ ਟਹਿਲਦੇ ਦੇਖਿਆ। ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਕਿੰਨ੍ਹਾਂ ਲਾਪਰਵਾਹ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਇਸ ਤਰ੍ਹਾਂ ਲਾਵਾਰਿਸ ਛੱਡ ਦਿੱਤਾ? ਜੇਕਰ ਇਹ ਨੌਜਵਾਨ ਭੀੜ ਦਾ ਫ਼ਾਇਦਾ ਉਠਾ ਕੇ ਭੱਜ ਜਾਂਦੇ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਕੀ ਪੁਲਸ ਮੁਲਾਜ਼ਮ ਖ਼ੁਦ ਹੀ ਇਨ੍ਹਾਂ ਨੂੰ ਭੱਜਣ ਦਾ ਮੌਕਾ ਦੇ ਰਹੇ ਹਨ ਜਾਂ ਫਿਰ ਡਿਊਟੀ ਪ੍ਰਤੀ ਇਹ ਘੋਰ ਲਾਪਰਵਾਹੀ ਹੈ? ਇਹ ਹੁਣ ਇਕ ਗੰਭੀਰ ਜਾਂਚ ਦਾ ਵਿਸ਼ਾ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸਿਵਲ ਹਸਪਤਾਲ ਦੀ ਸੁਰੱਖਿਆ 'ਤੇ ਸਵਾਲ ਉੱਠੇ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ ਹਵਾਲਾਤੀ ਅਤੇ ਕੈਦੀ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਇੱਥੋਂ ਫ਼ਰਾਰ ਹੋਣ ਵਿਚ ਕਾਮਯਾਬ ਰਹੇ ਹਨ। ਅਜਿਹੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸਬਕ ਲੈਣ ਨੂੰ ਤਿਆਰ ਨਹੀਂ ਦਿਖ ਰਿਹਾ। ਸ਼ਰੇਆਮ ਘੁੰਮਦੇ ਇਨ੍ਹਾਂ ਹੱਥਕੜੀ ਲੱਗੇ ਨੌਜਵਾਨਾਂ ਦੀ ਫ਼ੋਟੋ ਹੁਣ ਸੋਸ਼ਲ ਮੀਡੀਆ 'ਤੇ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਹਸਪਤਾਲ ਦੀ ਸੁਰੱਖਿਆ ਵਿਵਸਥਾ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ 'ਤੇ ਉੱਚ ਅਧਿਕਾਰੀ ਕੀ ਕਾਰਵਾਈ ਕਰਦੇ ਹਨ।
