ਕਿਮ ਨਾਲ 12 ਜੂਨ ਨੂੰ ਸਿੰਗਾਪੁਰ ''ਚ ਸ਼ਿਖਰ ਵਾਰਤਾ ਲਈ ਸਥਿਤੀਆਂ ਅਨੁਕੂਲ: ਟਰੰਪ
Sunday, May 27, 2018 - 09:19 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ 12 ਜੂਨ ਨੂੰ ਸਿੰਗਾਪੁਰ ਵਿਚ ਸ਼ਿਖਰ ਵਾਰਤਾ ਲਈ ਸਥਿਤੀਆਂ ਅਨੁਕੂਲ ਹੋ ਰਹੀਆਂ ਹਨ। ਵ੍ਹਾਈਟ ਹਾਊਸ ਵਿਚ ਟਰੰਪ ਨੇ ਕਿਹਾ, 'ਇਹ ਬਹੁਤ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਹੈ। ਅਸੀਂ 12 ਜੂਨ ਨੂੰ ਸਿੰਗਾਪੁਰ ਵਿਚ ਹੋਣ ਵਾਲੀ ਸ਼ਿਖਰ ਵਾਰਤਾ ਨੂੰ ਲੈ ਕੇ ਆਸ਼ਾਵਾਦੀ ਹਾਂ। ਇਸ ਵਿਚ ਬਦਲਾਅ ਨਹੀਂ ਆਇਆ ਹੈ।'
ਪਿਓਂਗਯਾਂਗ ਨਾਲ 'ਖੁੱਲ੍ਹੀ ਦੁਸ਼ਮਣੀ' ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਵੀਰਵਾਰ ਨੂੰ ਸਿੰਗਾਪੁਰ ਵਿਚ ਕਿਮ ਨਾਲ 12 ਜੂਨ ਨੂੰ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ 24 ਘੰਟੇ ਦੇ ਅੰਦਰ ਇਸ 'ਤੇ ਆਪਣਾ ਫੈਸਲਾ ਬਦਲਿਆ ਅਤੇ ਕਿਹਾ ਕਿ ਉੱਤਰੀ ਕੋਰੀਆਈ ਅਧਿਕਾਰੀਆਂ ਨਾਲ ਸਾਰਥਕ ਗੱਲਬਾਤ ਤੋਂ ਬਾਅਦ ਸ਼ਿਖਰ ਵਾਰਤਾ ਅਜੇ ਵੀ ਹੋ ਸਕਦੀ ਹੈ। ਟਰੰਪ ਨੇ ਕਿਹਾ, 'ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਸਮੇਂ ਵੀ ਉਥੇ ਬੈਠਕਾਂ ਹੋ ਰਹੀਆਂ ਹਨ।' ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਉਥੇ ਬਹੁਤ ਸਾਰੀ ਸਦਭਾਵਨਾ ਹੈ।' ਉਨ੍ਹਾਂ ਦੀ ਟਿੱਪਣੀ ਉੱਤਰੀ ਕੋਰੀਆ ਦੀ ਉਸ ਟਿੱਪਣੀ ਤੋਂ ਬਾਅਦ ਆਈ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਕਿਮ ਸ਼ਿਖਰ ਵਾਰਤਾ ਲਈ ਦ੍ਰਿੜ ਹੈ।