ਲੋਕਾਂ ਨਾਲ ਵਧੀਆ ਤਾਲਮੇਲ ਰੱਖ ਕੇ ਅਸੀਂ ਜੁਰਮ ਦੀ ਦਰ ਘੱਟ ਕਰ ਸਕਦੇ ਹਾਂ : ਵਧੀਕ ਪੁਲਸ ਮਹਾਨਿਰਦੇਸ਼ਕ

Wednesday, May 23, 2018 - 11:29 AM (IST)

ਗੁਰਦਾਸਪੁਰ (ਵਿਨੋਦ) : ਪੰਜਾਬ 'ਚ ਰੈੱਡ ਅਲਰਟ ਕਾਰਨ ਅੱਜ ਐਡੀਸ਼ਨਲ ਪੁਲਸ ਮਹਾਨਿਰਦੇਸ਼ਕ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਨੇ ਜ਼ਿਲਾ ਪੁਲਸ ਗੁਰਦਾਸਪੁਰ ਦਾ ਦੌਰਾ ਕੀਤਾ। ਇਸ ਸਬੰਧੀ ਉਨ੍ਹਾਂ ਜ਼ਿਲਾ ਪੁਲਸ ਗੁਰਦਾਸਪੁਰ ਦੇ ਸਮੂਹ ਪੁਲਸ ਮੁਖੀਆਂ, ਡੀ. ਐੱਸ. ਪੀ. ਅਤੇ ਪੁਲਸ ਸਟੇਸ਼ਨ ਇੰਚਾਰਜਾਂ ਦੀ ਮੀਟਿੰਗ 'ਚ ਜਿਥੇ ਜ਼ਿਲੇ ਦੀ ਕਾਨੂੰਨ ਵਿਵਸਥਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ, ਉਥੇ ਪੁਲਸ ਅਧਿਕਾਰੀਆਂ ਦੀ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਅਪਣਾਈ ਜਾਣ ਵਾਲੀ ਨਵੀਂ ਤਕਨੀਕ ਦੀ ਜਾਣਕਾਰੀ ਦਿੱਤੀ। ਇਸ ਮੌਕੇ ਇੰਸਪੈਕਟਰ ਜਨਰਲ ਬਾਰਡਰ ਰੇਂਜ ਪਰਮਿੰਦਰ ਸਿੰਘ ਪਰਮਾਰ ਅਤੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਵੀ ਮੌਜੂਦ ਸਨ। 
ਵਧੀਕ ਪੁਲਸ ਮਹਾਨਿਰਦੇਸ਼ਕ ਢਿੱਲੋਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਦੇ ਯੁੱਗ 'ਚ ਜੇ ਅਸੀਂ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਲੋਕਾਂ ਨਾਲ ਆਪਣੇ ਸੰਬੰਧ ਠੀਕ ਰੱਖਣੇ ਹੋਣਗੇ। ਜਦੋਂ ਲੋਕਾਂ ਨਾਲ ਮੇਲ-ਮਿਲਾਪ ਹੋਵੇਗਾ ਤਾਂ ਨਿਸ਼ਚਿਤ ਰੂਪ ਵਿਚ ਸਾਨੂੰ ਛੋਟੀ ਤੋਂ ਛੋਟੀ ਜਾਣਕਾਰੀ ਪ੍ਰਾਪਤ ਹੋਵੇਗੀ ਅਤੇ ਜੁਰਮ 'ਤੇ ਆਸਾਨੀ ਨਾਲ ਰੋਕ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਖਤਰਾ ਸਾਨੂੰ ਸੀਮਾ ਪਾਰ ਤੋਂ ਹੋਣ ਵਾਲੀ ਘੁਸਪੈਠ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਲਈ ਘਟੀਆ ਹਰਕਤਾਂ ਕਰ ਸਕਦੇ ਹਨ, ਜਿਸ ਲਈ ਜ਼ਰੂਰੀ ਹੈ ਕਿ ਧਾਰਮਕ ਅਸਥਾਨਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਵਾਏ ਜਾਣ। ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਵੱਲ ਆਉਣ ਵਾਲੇ ਰਸਤਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ। ਮੀਟਿੰਗ ਵਿਚ ਉਨ੍ਹਾਂ ਸਮੂਹ ਪੁਲਸ ਸਟੇਸ਼ਨਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਭਰੋਸਾ ਦਿੱਤਾ ਕਿ ਜ਼ਿਲਾ ਪੁਲਸ ਗੁਰਦਾਸਪੁਰ ਵਿਚ ਉਨ੍ਹਾਂ ਵੱਲੋਂ ਦੱਸੀ ਤਕਨੀਕ ਤੇ ਢੰਗ ਅਪਣਾ ਕੇ ਕਾਨੂੰਨ ਪ੍ਰਬੰਧ ਨੂੰ ਹੋਰ ਕਾਰਗਰ ਬਣਾਇਆ ਜਾਵੇ।


Related News