STF ਦੀ ਮਹਿਲਾ ਪੁਲਸ ਮੁਲਾਜ਼ਮ ਤੇ ਪਿੰਡ ਦੀ ਰਾਖੀ ਕਰ ਰਹੇ ਲੋਕਾਂ ਵਿਚਾਲੇ ਝਗੜਾ

Wednesday, Sep 11, 2024 - 03:49 AM (IST)

STF ਦੀ ਮਹਿਲਾ ਪੁਲਸ ਮੁਲਾਜ਼ਮ ਤੇ ਪਿੰਡ ਦੀ ਰਾਖੀ ਕਰ ਰਹੇ ਲੋਕਾਂ ਵਿਚਾਲੇ ਝਗੜਾ

ਜਲੰਧਰ (ਮਾਹੀ) - ਪਿੰਡ ਨੁੱਸੀ ’ਚ ਸ਼ੁੱਕਰਵਾਰ ਰਾਤ ਕਰੀਬ 11.20 ਵਜੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਮਹਿਲਾ ਪੁਲਸ ਮੁਲਾਜ਼ਮ ਅਤੇ ਪਿੰਡ ਦੀ ਰਾਖੀ ਕਰ ਰਹੇ ਲੋਕਾਂ ਵਿਚਾਲੇ ਝਗੜਾ ਹੋ ਗਿਆ, ਜਿਸ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਸੀ। ਦੇਰ ਰਾਤ ਮੌਕੇ ’ਤੇ ਐੱਸ. ਐੱਚ. ਓ. ਬਿਕਰਮ ਸਿੰਘ ਤੇ ਪੁਲਸ ਪਾਰਟੀ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਮਹਿਲਾ ਕਾਂਸਟੇਬਲ ਕੁਲਦੀਪ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੇ 2 ਬੱਚਿਆਂ ਨਾਲ ਕਾਰ ’ਚ ਪਿੰਡ ਨੁੱਸੀ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੀ ਸੀ। ਇਸ ਦੌਰਾਨ ਜਿਵੇਂ ਹੀ ਉਹ ਲਿੱਧੜਾਂ ਨਹਿਰ ਪੁਲੀ ਨੇੜੇ ਪਹੁੰਚੀ ਤਾਂ ਦੇਖਿਆ ਕਿ ਪਹਿਲਾਂ ਤੋਂ ਹੀ 4-5 ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਨੇ ਉਸ ਦੀ ਕਾਰ ’ਤੇ ਹਮਲਾ ਕਰ ਦਿੱਤਾ।

ਇਸ ਦੇ ਬਾਵਜੂਦ ਉਹ ਨਾ ਘਬਰਾਏ ਤੇ ਤੇਜ਼ ਰਫ਼ਤਾਰ ਨਾਲ ਕਾਰ ਆਪਣੇ ਰਿਸ਼ਤੇਦਾਰ ਦੇ ਘਰ ਵੱਲ ਭਜਾ ਦਿੱਤੀ। ਕੁਲਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹ ਪਿੰਡ ’ਚ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚੀ ਤਾਂ ਉੱਥੇ ਮੋਟਰਸਾਈਕਲ ਸਵਾਰ ਕੁਝ ਵਿਅਕਤੀ ਆਏ ਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਨੌਜਵਾਨ ਨੇ ਉਸ ਦੀ ਕਾਰ ਦੀ ਚਾਬੀ ਖੋਹ ਲਈ, ਜਿਸ ਕਾਰਨ ਬੱਚੇ ਕਾਰ ’ਚ ਬੰਦ ਹੋ ਗਏ, ਜੋ ਡਰ ਗਏ।

ਮਹਿਲਾ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਹ ਇਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਈ ਹੈ ਤੇ ਪੁਲਸ ਤੇ ਸਿਆਸੀ ਲੋਕ ਉਸ ’ਤੇ ਫੈਸਲਾ ਲੈਣ ਲਈ ਦਬਾਅ ਪਾ ਰਹੇ ਹਨ। ਇਸ ਸਬੰਧੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਪਿੰਡ ਨੁੱਸੀ ’ਚ ਪਿਛਲੇ ਕੁਝ ਦਿਨਾਂ ਤੋਂ ਪਿੰਡ ਦੇ ਲੋਕ ਤਿੱਖੀ ਨਜ਼ਰ ਰੱਖ ਰਹੇ ਹਨ ਤੇ ਇਸ ਦੌਰਾਨ ਜਦੋਂ ਉਨ੍ਹਾਂ ਮਹਿਲਾ ਪੁਲਸ ਮੁਲਾਜ਼ਮ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਰੁਕੀ। ਇਸ ਕਾਰਨ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਸ਼ਨੀਵਾਰ ਸਵੇਰ ਦਾ ਸਮਾਂ ਦਿੱਤਾ ਗਿਆ ਸੀ ਤੇ ਸ਼ਨੀਵਾਰ ਦੁਪਹਿਰ ਨੂੰ ਦੋਵਾਂ ਧਿਰਾਂ ਵਿਚਕਾਰ ਥਾਣੇ ’ਚ ਹੀ ਰਾਜ਼ੀਨਾਮਾ ਹੋ ਗਿਆ ਸੀ।


author

Inder Prajapati

Content Editor

Related News