ਕੈਨੇਡਾ ਭੇਜਣ ਦੇ ਨਾਂ ''ਤੇ 15 ਲੱਖ ਦੀ ਠੱਗੀ, ਔਰਤ ਸਣੇ 3 ਨਾਮਜ਼ਦ
Sunday, May 13, 2018 - 02:44 AM (IST)

ਬਠਿੰਡਾ(ਬਲਵਿਦਰ)-ਕੈਨੇਡਾ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਫੂਲ ਪੁਲਸ ਨੇ ਇਕ ਟ੍ਰੈਵਲ ਏਜੰਟ, ਉਸਦੀ ਪਤਨੀ ਤੇ ਭਰਾ ਨੂੰ ਧੋਖਾਦੇਹੀ 'ਚ ਨਾਮਜ਼ਦ ਕੀਤਾ ਹੈ। ਸੁਖਦੇਵ ਸਿੰਘ ਵਾਸੀ ਫੂਲੇਵਾਲਾ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਲਦੀਪ ਸਿੰਘ, ਇਸਦੀ ਪਤਨੀ ਕੁਲਵਿੰਦਰ ਸਿੰਘ ਤੇ ਭਰਾ ਜਗਸੀਰ ਸਿੰਘ ਨਾਲ ਉਨ੍ਹਾਂ ਦੀ ਚੰਗੀ ਜਾਣ-ਪਛਾਣ ਸੀ। ਕੁਲਦੀਪ ਸਿੰਘ ਟ੍ਰੈਵਲ ਏਜੰਟ ਹੈ। ਜਿਸਨੇ ਉਸਨੂੰ ਝਾਂਸਾ ਦਿੱਤਾ ਕਿ ਉਹ ਉਸਦੇ ਭਰਾ ਬਲਦੇਵ ਸਿੰਘ ਨੂੰ ਕੈਨੇਡਾ ਭੇਜ ਸਕਦਾ ਹੈ। ਜੋ ਕਿ ਕਬੱਡੀ ਦਾ ਖਿਡਾਰੀ ਹੈ। ਉਹ ਇਨ੍ਹਾਂ ਦੀਆਂ ਗੱਲਾਂ 'ਚ ਆ ਗਏ। ਕੁੱਲ ਖਰਚਾ 30 ਲੱਖ ਰੁਪਏ ਦੀ ਗੱਲਬਾਤ ਹੋਈ। ਇਨ੍ਹਾਂ ਨੇ ਉਨ੍ਹਾਂ ਕੋਲੋਂ 15 ਲੱਖ ਰੁਪਏ ਨਕਦ ਲੈ ਲਏ, ਜਦਕਿ 15 ਲੱਖ ਰੁਪਏ ਦਾ ਪ੍ਰਨੋਟ ਭਰਵਾ ਲਿਆ ਗਿਆ। ਫਿਰ ਉਨ੍ਹਾਂ ਨੂੰ ਲਾਰਿਆਂ 'ਚ ਰੱਖਿਆ ਗਿਆ ਪਰ ਨਾ ਤਾਂ ਉਸਦੇ ਭਰਾ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਾਂਚ ਉਪਰੰਤ ਸ਼ਿਕਾਇਤ ਨੂੰ ਸਹੀ ਪਾਇਆ ਗਿਆ, ਜਿਸਦੇ ਆਧਾਰ 'ਤੇ ਥਾਣਾ ਫੂਲ ਪੁਲਸ ਨੇ ਉਕਤ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕਰ ਲਿਆ ਹੈ।