ਡੋਲੀ ਦੀ ਵੀਡੀਓ ਨਾ ਬਣਨ ''ਤੇ ਫੋਟੋਗ੍ਰਾਫਰ ''ਤੇ ਜਾਨਲੇਵਾ ਹਮਲਾ, ਹਸਪਤਾਲ ਦਾਖਲ

05/13/2018 6:57:47 AM

ਖਰੜ,   (ਅਮਰਦੀਪ, ਰਣਬੀਰ, ਸ਼ਸ਼ੀ)-  ਖਰੜ-ਜੰਡਪੁਰ-ਝੂੰਗੀਆਂ ਰੋਡ ਐੱਨ. ਆਰ. ਆਈ. ਇਨਕਲੇਵ ਦੇ ਸਾਹਮਣੇ ਸਥਿਤ ਮਾਰਕੀਟ ਵਿਚ ਕੁਝ ਵਿਅਕਤੀਆਂ ਨੇ ਇਕ ਫੋਟੋਗ੍ਰਾਫਰ ਦੀ ਦੁਕਾਨ 'ਤੇ ਆ ਕੇ ਫੋਟੋਗ੍ਰਾਫਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਫੋਟੋਗ੍ਰਾਫਰ ਇਕਬਾਲ ਸਿੰਘ ਸੈਣੀ ਪੁੱਤਰ ਗੁਰਨਾਮ ਸਿੰਘ ਫੌਜੀ ਵਾਸੀ ਪਿੰਡ ਜੰਡਪੁਰ ਨੇ ਦੱਸਿਆ ਕਿ ਉਹ ਸੈਣੀ ਸਟਾਰ ਸਟੂਡੀਓ ਚਲਾਉਂਦਾ ਹੈ ਤੇ 3 ਫਰਵਰੀ ਨੂੰ ਪਿੰਡ ਦੇ ਵਿਅਕਤੀ ਅਮਨ ਦੇ ਵਿਆਹ ਦੀ 3 ਫਰਵਰੀ ਨੂੰ ਵੀਡੀਓਗ੍ਰਾਫੀ ਕੀਤੀ ਸੀ ਤੇ ਉਸ ਨੇ ਪਾਰਟੀ ਨੂੰ ਫੋਟੋਆਂ ਦੀ ਐਲਬਮ ਤੇ ਵੀਡੀਓ ਬਣਾ ਕੇ ਦੇ ਦਿੱਤੀ ਸੀ। 
ਉਸ ਨੇ ਦੱਸਿਆ ਕਿ ਵਿਆਹ ਦੀ ਜੋ ਵੀਡੀਓ ਬਣਾਈ ਉਸ ਵਿਚ ਤਕਨੀਕੀ ਕਾਰਨਾਂ ਕਰਕੇ ਡੋਲੀ ਵਾਲੇ ਸਮਾਗਮ ਦੀ 3 ਮਿੰਟ ਦੀ ਵੀਡੀਓ ਨਹੀਂ ਸੀ ਪਾਈ ਤੇ ਉਸ ਨੇ ਇਸ ਸਬੰਧੀ ਪਾਰਟੀ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਸੀ ਕਿ ਹਾਰਡ ਡਿਸਕ ਦੀ ਖਰਾਬੀ ਕਾਰਨ ਕੰਪਿਊਟਰ ਵਿਚੋਂ 3 ਮਿੰਟ ਦੀ ਵੀਡੀਓ ਨਹੀਂ ਨਿਕਲੀ ਤੇ ਉਹ ਕੰਪਿਊਟਰ ਮਾਹਿਰ ਤੋਂ ਹਾਰਡ ਡਿਸਕ ਠੀਕ ਕਰਵਾ ਕੇ 3 ਮਿੰਟ ਦੀ ਵੀਡੀਓ ਬਾਅਦ ਵਿਚ ਸੀ. ਡੀ. ਵਿਚ ਸੈੱਟ ਕਰੇਗਾ। 
ਉਸ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਗਿਆ ਹੋਇਆ ਸੀ ਤਾਂ ਇਕ ਵਿਅਕਤੀ ਦਾ ਫੋਨ ਆਇਆ ਕਿ ਉਸ ਨੇ ਆਪਣੀ ਫੋਟੋ ਖਿਚਾਉਣੀ ਹੈ, ਉਹ ਉਸਦੀ ਦੁਕਾਨ 'ਤੇ ਖੜ੍ਹਾ ਹੈ। ਜਦੋਂ ਉਹ ਦੁਕਾਨ 'ਤੇ ਗਿਆ ਤਾਂ ਇਕਦਮ ਉਸ 'ਤੇ 6 ਵਿਅਕਤੀਆਂ ਨੇ ਰਾਡਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਕਿਹਾ ਕਿ ਤੂੰ ਸਾਡੀ ਵਿਆਹ ਦੀ ਵੀਡੀਓ ਖਰਾਬ ਕੀਤੀ ਹੈ, ਅਸੀਂ ਤੈਨੂੰ ਜਾਨੋਂ ਮਾਰ ਦੇਣਾ ਹੈ। ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਸਦੇ ਦੋਸਤਾਂ ਨੇ ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਖਰੜ ਭਰਤੀ ਕਰਵਾਇਆ। 
ਪੀੜਤ ਨੇ ਦੱਸਿਆ ਕਿ ਉਹ 6 ਵਿਅਕਤੀਆਂ ਵਿਚੋਂ ਤਿੰਨ ਦੀ ਪਛਾਣ ਕਰ ਸਕਦਾ ਹੈ ਤੇ ਉਹ ਤਿੰਨੇ ਹੀ ਪਿੰਡ ਜੰਡਪੁਰ ਦੇ ਵਸਨੀਕ ਹਨ, ਜਿਨ੍ਹਾਂ ਦੇ ਵਿਆਹ ਪ੍ਰੋਗਰਾਮ ਦੀ ਉਸਨੇ ਵੀਡਿਓ ਬਣਾਈ ਸੀ। ਥਾਣਾ ਸਿਟੀ ਦੇ ਹੌਲਦਾਰ ਮੋਹਣ ਲਾਲ ਨੇ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News