ਮਾਨਸੂਨ ਤੋਂ ਪਹਿਲਾਂ ਬਾਰਿਸ਼ ਦੀ ਘਾਟ ਨਾਲ ਜੂਝ ਰਿਹਾ ਪੰਜਾਬ ਤੇ ਹਰਿਆਣਾ, ਇਨ੍ਹਾਂ ਜ਼ਿਲ੍ਹਿਆ 'ਤੇ ਪਿਆ ਵੱਡਾ ਅਸਰ

06/27/2024 12:58:32 PM

ਗੁਰਦਾਸਪੁਰ (ਹਰਮਨ)-ਇਸ ਸਾਲ ਗਰਮੀ ਦੇ ਮੌਸਮ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਬਾਰਿਸ਼ ਦੀ ਮਾਤਰਾ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਅਤੇ ਉਤਰੀ ਭਾਰਤ ਦੇ ਸੂਬਿਆਂ ਅੰਦਰ ਪ੍ਰੀ-ਮਾਨਸੂਨ  ਦਾ ਜੂਨ ਮਹੀਨਾ ਬਾਰਿਸ਼ ਪੈਣ ਦੇ ਪੱਖ ਤੋਂ ਬੇਹੱਦ ਨਿਰਾਸ਼ਾ ਜਨਕ ਰਿਹਾ ਹੈ। ਖਾਸ ਤੌਰ ’ਤੇ ਪੰਜਾਬ ਅਤੇ ਹਰਿਆਣਾ ਮੌਨਸੂਨ ਤੋਂ ਪਹਿਲਾਂ ਬਾਰਿਸ਼ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। ਪੰਜਾਬ ਦੀ ਔਸਤ ਸਾਲਾਨਾ ਵਰਖਾ ਲਗਭਗ 650 ਮਿਲੀਮੀਟਰ ਹੈ, ਜਿਸ ’ਚ 450 ਮਿਲੀਮੀਟਰ ਤੋਂ 480 ਮਿਲੀਮੀਟਰ ਬਰਸਾਤੀ ਸੀਜ਼ਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ।

ਇਹ ਵੀ ਪੜ੍ਹੋ - ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰ ਨਹਿਰ 'ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਮੌਤ

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣੇ ਅੰਦਰ ਕਰੀਬ 45 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੁੰਦੀ ਹੈ ਅਤੇ ਇਸ ਮੌਕੇ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ। ਸਿਰਫ਼ 21 ਫੀਸਦੀ ਵਾਹੀਯੋਗ ਜ਼ਮੀਨ ਨਹਿਰੀ ਪਾਣੀ ’ਤੇ ਨਿਰਭਰ ਹੈ, ਜਦੋਂ ਕਿ ਬਾਕੀ ਦਾ ਰਕਬਾ ਟਿਊਬਵੈੱਲ ਦੇ ਪਾਣੀ ’ਤੇ ਨਿਰਭਰ ਕਰਦਾ ਹੈ।

ਜੇਕਰ ਪ੍ਰੀ-ਮੌਨਸੂਨ ਵਿਚ ਬਾਰਿਸ਼ ਹੁੰਦੀ ਤਾਂ ਟਿਊਬਵੈੱਲਾਂ ਦਾ ਲੋਡ ਘੱਟ ਹੋਣਾ ਸੀ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਅ ਹੋਣਾ ਸੁਭਾਵਿਕ ਸੀ ਪਰ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਉੱਤੇ ਬੋਝ ਪੈ ਰਿਹਾ ਹੈ। ਇਥੇ ਹੀ ਬੱਸ ਨਹੀਂ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਬਸੰਤ ਰੁੱਤ ਦੀ ਮੱਕੀ, ਮੂੰਗੀ ਅਤੇ ਸੂਰਜਮੁਖੀ ਵਰਗੀਆਂ ਫਸਲਾਂ ਲਈ ਵੀ ਮਹੱਤਵਪੂਰਨ ਹੁੰਦੀ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ

31.9 ਦੀ ਬਜਾਏ ਪਈ ਸਿਰਫ 8.8 ਮਿਲੀਮੀਟਰ ਬਾਰਿਸ਼

ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ ’ਚ 1 ਜੂਨ ਤੋਂ 22 ਜੂਨ ਤੱਕ 31.9 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ ਪਰ ਇਸ ਸਮੇਂ ਵਿਚ ਸਿਰਫ਼ 8.8 ਮਿਲੀਮੀਟਰ ਬਾਰਿਸ਼ ਹੀ ਪਈ ਹੈ। ਹਰਿਆਣਾ ’ਚ 32.7 ਮਿਲੀਮੀਟਰ ਦੇ ਮੁਕਾਬਲੇ 7.6 ਮਿਲੀਮੀਟਰ ਅਤੇ ਚੰਡੀਗੜ੍ਹ ’ਚ ਇਸ ਸਮੇਂ ਦੌਰਾਨ ਆਮ 97.1 ਮਿਲੀਮੀਟਰ ਦੇ ਮੁਕਾਬਲੇ 7.9 ਮਿਲੀਮੀਟਰ ਘੱਟ ਦਰਜ ਕੀਤੀ ਗਈ।

ਪੰਜਾਬ ’ਚ ਫਾਜ਼ਿਲਕਾ ਵਾਧੂ ਬਾਰਿਸ਼ ਵਾਲਾ ਇਕਲੌਤਾ ਜ਼ਿਲਾ ਹੈ, ਜਿੱਥੇ ਆਮ 19.1 ਮਿਲੀਮੀਟਰ ਦੇ ਮੁਕਾਬਲੇ 25.8 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ 35.5 ਫੀਸਦੀ ਵੱਧ ਹੈ। ਪੰਜਾਬ ’ਚ ਇਸ ਸਾਲ ਫ਼ਤਿਹਗੜ੍ਹ ਸਾਹਿਬ ਅਤੇ ਫ਼ਿਰੋਜ਼ਪੁਰ ’ਚ ਕ੍ਰਮਵਾਰ 96 ਫੀਸਦੀ ਅਤੇ 94 ਫੀਸਦੀ ਘੱਟ ਬਾਰਿਸ਼ ਪਈ ਹੈ।

ਇਸ ਤੋਂ ਇਲਾਵਾ ਮੋਹਾਲੀ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਫਰੀਦਕੋਟ, ਲੁਧਿਆਣਾ ’ਚ ਵੀ 80 ਤੋਂ 89 ਫੀਸਦੀ ਤੱਕ ਬਾਰਿਸ਼ ਦੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਅੰਦਰ ਪੰਜਾਬ ਸਾਲ ਪ੍ਰੀ-ਮੌਨਸੂਨ ਦੇ ਸਮੇਂ ਦੌਰਾਨ ਇਕ 43.6 ਮਿਲੀਮੀਟਰ ਦੇ ਮੁਕਾਬਲੇ 37 ਫੀਸਦੀ ਵਾਧੂ ਬਾਰਿਸ਼ ਹੋਈ ਸੀ ਅਤੇ ਉਸ ਮੌਕੇ ਪੰਜਾਬ ਦੇ 23 ’ਚੋਂ 14 ਜ਼ਿਲ੍ਹਿਆਂ ’ਚ ਮਾਨਸੂਨ ਤੋਂ ਪਹਿਲਾਂ ਜ਼ਿਆਦਾ ਬਾਰਿਸ਼ ਹੋਈ ਸੀ।

ਖੇਤੀਬਾੜੀ ਸੈਕਟਰ ’ਤੇ ਪੈ ਰਿਹਾ ਵੱਡਾ ਅਸਰ

ਅੰਕੜਿਆਂ ਅਨੁਸਾਰ ਪੰਜਾਬ ਵਿਚ ਇਸ ਸਾਲ ਪ੍ਰੀ-ਮਾਨਸੂਨ ਦੌਰਾਨ 72 ਫੀਸਦੀ ਘੱਟ ਬਾਰਿਸ਼ ਹੋਈ ਹੈ, ਜਦੋਂ ਕਿ ਹਰਿਆਣਾ ਵਿਚ 77 ਫੀਸਦੀ ਕਮੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ’ਚ 92 ਫੀਸਦੀ ਦੀ ਕਮੀ ਰਹੀ ਹੈ। ਬਾਰਿਸ਼ ਦੀ ਇਸ ਵੱਡੀ ਘਾਟ ਕਾਰਨ ਜਿਥੇ ਲੋਕਾਂ ਨੂੰ ਗਰਮੀ ਨਾਲ ਜੂਝਣਾ ਪਿਆ ਹੈ, ਉਥੇ ਕਿਸਾਨਾਂ ਲਈ ਵੀ ਵੱਡੀ ਸਮੱਸਿਆ ਬਣੀ ਹੈ।

ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਓਰਵਡੋਜ਼ ਨਾਲ 30 ਸਾਲਾ ਨੌਜਵਾਨ ਦੀ ਮੌਤ

ਇਸੇ ਤਰ੍ਹਾਂ ਪਿਛਲੇ ਸਾਲ ਇਸੇ ਅਰਸੇ ਦੌਰਾਨ ਹਰਿਆਣਾ ਵਿਚ ਮਹਿਜ 27 ਫੀਸਦੀ ਬਾਰਿਸ਼ ਅਤੇ ਚੰਡੀਗੜ੍ਹ ’ਚ 59 ਫੀਸਦੀ ਘੱਟ ਦਰਜ ਕੀਤਾ ਗਈ ਸੀ। ਹਰਿਆਣਾ ’ਚ ਪਿਛਲੇ ਸਾਲ ਕੁੱਲ 22 ’ਚੋਂ 10 ਜ਼ਿਲ੍ਹਿਆਂ ’ਚ ਵਾਧੂ ਬਾਰਿਸ਼ ਹੋਈ ਸੀ।

ਵਧ ਰਹੀ ਗਰਮੀ ਨੇ ਕਰਵਾਈ ਤੌਬਾ

ਇਸ ਵਾਰ ਬਾਰਿਸ਼ ਦੀ ਘਾਟ ਕਾਰਨ ਗਰਮੀ ਦੀ ਮਾਰ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਹੀਟ ਵੇਵ ਕਾਰਨ ਲੋਕ ਤਰਾਹ-ਤਰਾਹ ਕਰ ਰਹੇ ਹਨ। ਗਰਮੀ ਦਾ ਅਸਰ ਸਿਰਫ ਲੋਕਾਂ ਦੀ ਸਿਹਤ ’ਤੇ ਹੀ ਨਹੀਂ ਪੈ ਰਿਹਾ ਸਗੋਂ ਇਸ ਨਾਲ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਦਿਹਾੜੀਦਾਰ, ਮਿਸਤਰੀ, ਕਾਰੀਗਰ, ਦੁਕਾਨਦਾਰਾਂ ਸਮੇਤ ਹਰੇਕ ਵਰਗ ਦੇ ਲੋਕਾਂ ਦੇ ਕੰਮਕਾਜ ਮੰਦੇ ਪਏ ਹੋਏ ਹਨ ਅਤੇ ਜੀਵ ਜੰਤੂ ਵੀ ਗਰਮੀ ਦੀ ਮਾਰ ਨਾਲ ਸਹਿਕ ਰਹੇ ਹਨ।

ਇਸੇ ਤਰ੍ਹਾਂ ਵੱਖ-ਵੱਖ ਜਨਤਕ ਥਾਵਾਂ ’ਤੇ ਪਾਰਕਾਂ ਵਿਚ ਲੱਗੇ ਫੁੱਲ ਪੌਦੇ ਅਤੇ ਰੁੱਖ ਵੀ ਗਰਮੀ ਦੀ ਮਾਰ ਕਾਰਨ ਪ੍ਰਭਾਵਿਤ ਹੋ ਰਹੇ ਹਨ। ਹੋਰ ’ਤੇ ਹੋਰ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਪਾਵਰਕਾਮ ਨੂੰ ਵੱਡੀ ਜੱਦੋਜਹਿਦ ਕਰਨੀ ਪੈ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News