ਬਰਗਰ ਵੇਚ ਰਹੇ ਨੌਜਵਾਨ ਸਮੇਤ 3 ''ਤੇ ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਜਾਨਲੇਵਾ ਹਮਲਾ
Monday, Jun 24, 2024 - 11:31 AM (IST)
ਜਲੰਧਰ (ਰਮਨ)-ਥਾਣਾ ਰਾਮਾ ਮੰਡੀ ਅਧੀਨ ਪੈਂਦੇ ਨਿਊ ਪ੍ਰਿਥਵੀ ਨਗਰ ’ਚ ਇਕ ਦੁਕਾਨ ਦੇ ਸਾਹਮਣੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਏ ਝਗੜੇ ’ਚ ਹਥਿਆਰਬੰਦ ਬਦਮਾਸ਼ਾਂ ਨੇ ਬਰਗਰ ਬਣਾ ਰਹੇ ਨੌਜਵਾਨ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦੇ ਦੋਸਤ ਅਤੇ ਸਹਾਇਕ ਨਾਲ ਵੀ ਕੁੱਟਮਾਰ ਕੀਤੀ। ਤਿੰਨਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਸਾਗਰ ਵਰਮਾ ਨੇ ਦੱਸਿਆ ਕਿ ਉਹ ਨਿਊ ਪ੍ਰਿਥਵੀ ਨਗਰ ਵਿਚ ਬਰਗਰ/ਮੋਮੋਜ਼ ਦੀ ਦੁਕਾਨ ਚਲਾਉਂਦਾ ਹੈ। ਦੁਕਾਨ ਦੇ ਨੇੜੇ ਹੀ ਰਹਿਣ ਵਾਲੇ ਨੌਜਵਾਨ ਨੇ ਆਪਣੀ ਬਰੇਜ਼ਾ ਕਾਰ ਉਸ ਦੀ ਦੁਕਾਨ ਅੱਗੇ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਾਰ ਚਾਲਕ ਨੂੰ ਕਿਹਾ ਕਿ 10 ਮਿੰਟ ਇੰਤਜ਼ਾਰ ਕਰੋ, ਅਸੀਂ ਕੰਮ ਖ਼ਤਮ ਕਰਕੇ ਆਪਣੇ ਘਰ ਚਲੇ ਜਾਵਾਂਗੇ, ਫਿਰ ਤੁਸੀਂ ਆਪਣੀ ਕਾਰ ਇਥੇ ਖੜ੍ਹੀ ਕਰ ਲੈਣਾ। ਇਸ ਤੋਂ ਬਾਅਦ ਕਾਰ ਚਾਲਕ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਦੋ ਭਰਾਵਾਂ ਨੂੰ ਵੀ ਬੁਲਾ ਲਿਆ।
ਇਹ ਵੀ ਪੜ੍ਹੋ- ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ’ਚ 'ਆਪ' ਦੇ 95 ਵਿਧਾਇਕ ਹੋਣਗੇ : ਭਗਵੰਤ ਮਾਨ
ਸਾਗਰ ਨੇ ਦੱਸਿਆ ਕਿ ਤਿੰਨੋਂ ਨਸ਼ੇ ਵਿਚ ਸਨ ਅਤੇ ਜਿਵੇਂ ਹੀ ਉਹ ਆਏ ਤਾਂ ਸਾਗਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਬਿਨਾਂ ਕਿਸੇ ਕਾਰਨ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ। ਤਿੰਨਾਂ ਭਰਾਵਾਂ ਨੇ ਸਾਗਰ ਵਰਮਾ, ਉਸ ਦੇ ਸਹਾਇਕ ਅਤੇ ਉਸ ਦੇ ਦੋਸਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਕਿ ਕਾਰ ਚਾਲਕ ਨੇ ਉਸ ਦੀ ਦੁਕਾਨ ਦਾ ਸ਼ਟਰ ਬੰਦ ਕਰਨ ਲਈ ਵਰਤਿਆ ਜਾਂਦਾ ਲੋਹੇ ਦਾ ਹੈਂਡਲ ਚੁੱਕ ਕੇ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਉਸ ਦੇ ਦੋਸਤ ਰਾਹੁਲ ਚੌਹਾਨ ਅਤੇ ਉਸ ਦੇ ਸਹਾਇਕ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਤਿੰਨੋਂ ਦੋਸ਼ੀ ਭਰਾ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਖ਼ੂਨ ਨਾਲ ਲਥਪਥ ਨੌਜਵਾਨ ਦੁਕਾਨਦਾਰ ਆਪਣੇ ਸਹਾਇਕ ਅਤੇ ਦੋਸਤ ਸਮੇਤ ਇਲਾਜ ਲਈ ਸਿਵਲ ਹਸਪਤਾਲ ਪੁੱਜਾ। ਘਟਨਾ ਦੀ ਸੂਚਨਾ ਰਾਮਾ ਮੰਡੀ ਪੁਲਸ ਸਟੇਸ਼ਨ ਨੂੰ ਦਿੱਤੀ ਗਈ, ਜੋਕਿ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- CM ਮਾਨ ਦੀ ਜਲੰਧਰ 'ਚ ਅਹਿਮ ਮੀਟਿੰਗ, ਕਿਹਾ-ਪਾਰਟੀ 'ਚ ਕੋਈ ਮਤਭੇਦ ਨਹੀਂ, ਜਨਤਾ ਅਫ਼ਵਾਹਾਂ ਤੋਂ ਬਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।