ਭਾਬੀ ਨੇ ਦਿਓਰ ''ਤੇ ਲਾਇਆ ਛੇੜਛਾੜ ਦਾ ਕਥਿਤ ਦੋਸ਼

05/26/2018 1:19:40 AM

ਗੁਰਦਾਸਪੁਰ, (ਵਿਨੋਦ)- ਇਕ ਭਾਬੀ ਵੱਲੋਂ ਦਿਓਰ 'ਤੇ ਅਸ਼ਲੀਲ ਹਰਕਤਾਂ ਕਰਨ ਦਾ ਕਥਿਤ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਭਰਾ ਨੂੰ ਆਪਣੇ ਸਹੁਰਿਆਂ ਦੇ ਘਰ ਬੁਲਾ ਕੇ ਸੱਸ ਤੇ ਸੁਹਰੇ ਦੀ ਕੁੱਟ-ਮਾਰ ਕੀਤੀ ਗਈ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਨੇ ਉਕਤ ਔਰਤ ਦੇ ਸਹੁਰੇ ਦੀ ਸ਼ਿਕਾਇਤ 'ਤੇ ਔਰਤ ਦੇ ਭਰਾ, ਦੋਸਤ ਤੇ ਇਕ ਔਰਤ 'ਤੇ ਕੇਸ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। 
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਇਕ ਔਰਤ ਹਰਜਿੰਦਰ ਕੌਰ ਨਿਵਾਸੀ ਬੁੱਚੇ ਨੰਗਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਭੈਣ ਅਮਨਦੀਪ ਕੌਰ ਅਤੇ ਮਾਤਾ ਲਖਵਿੰਦਰ ਕੌਰ ਨਾਲ ਆਪਣੇ ਸਹੁਰੇ ਘਰ ਪਿੰਡ ਬਲੱਗਨ ਵਿਖੇ ਆਈ ਹੋਈ ਸੀ ਤੇ ਉਸ ਦੇ ਦਿਓਰ ਬਚਿੱਤਰ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ 'ਤੇ ਉਸ ਦੇ ਭਰਾ ਯੁਗਰਾਜ ਸਿੰਘ ਨੂੰ ਜਦ ਪਤਾ ਚੱਲਿਆ ਤਾਂ ਉਹ ਆਪਣੇ ਦੋਸਤ ਨਵਦੀਪ ਸਿੰਘ ਨਾਲ ਪਿੰਡ ਬਲੱਗਨ ਆਇਆ ਅਤੇ ਉਸ ਨੂੰ ਕਲਾਨੌਰ ਹਸਪਤਾਲ ਦਾਖਲ ਕਰਵਾਇਆ। 
ਪੁਲਸ ਅਧਿਕਾਰੀ ਅਨੁਸਾਰ ਉਥੇ ਹੀ ਦੂਜੇ ਪਾਸੇ ਸ਼ਿਕਾਇਤਕਰਤਾ ਹਰਜਿੰਦਰ ਕੌਰ ਦੇ ਸਹੁਰੇ ਅਜੈਬ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਬਲੱਗਨ ਦੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਕਿ ਉਹ ਅਤੇ ਉਸ ਦੀ ਪਤਨੀ ਘਰ 'ਚ ਇਕੱਲੀ ਸੀ। ਇਸ ਦੌਰਾਨ ਉਸ ਦੀ ਨੂੰਹ ਹਰਜਿੰਦਰ ਕੌਰ ਅਤੇ ਉਸ ਦੀ ਭੈਣ ਅਮਨਦੀਪ ਕੌਰ ਅਤੇ ਉਸ ਦੀ ਮਾਂ ਲਖਵਿੰਦਰ ਕੌਰ ਸਾਡੇ ਘਰ ਆਈਆਂ। ਹਰਜਿੰਦਰ ਕੌਰ ਦਾ ਪਤੀ, ਜੋ ਸਾਡਾ ਲੜਕਾ ਹੈ ਅਤੇ ਉਸ ਦੀ ਭੈਣ ਅਮਨਦੀਪ ਕੌਰ ਦਾ ਪਤੀ ਇਟਲੀ 'ਚ ਰਹਿੰਦਾ ਹੈ। ਅਜੈਬ ਸਿੰਘ ਨੇ ਦੱਸਿਆ ਕਿ ਰਾਤ ਨੂੰ ਇਹ ਤਿੰਨੋਂ ਜਾਣੀਆਂ ਸਾਡੇ ਨਾਲ ਗਾਲੀ-ਗਲੋਚ ਕਰਨ ਲੱਗੀਆਂ। ਗੱਲ ਵਧਦੀ ਦੇਖ ਅਜੈਬ ਸਿੰਘ ਆਪਣੀ ਪਤਨੀ ਨੂੰ ਨਾਲ ਲੈ ਕੇ ਪਿੰਡ 'ਚ ਰਹਿੰਦਾ ਉਸ ਦਾ ਛੋਟਾ ਲੜਕਾ ਬਚਿੱਤਰ ਸਿੰਘ ਉਸ ਦੇ ਘਰ ਚਲਾ ਗਿਆ। ਬਚਿੱਤਰ ਸਿੰਘ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰ ਸਵੇਰੇ ਲਗਭਗ 6 ਵਜੇ ਸਾਡੀ ਨੂੰਹ ਦਾ ਭਰਾ ਯੁਗਰਾਜ ਸਿੰਘ ਪੁੱਤਰ ਪਵਿੱਤਰ ਸਿੰਘ, ਲਖਵਿੰਦਰ ਕੌਰ ਨਿਵਾਸੀ ਬੁੱਚੇ ਨੰਗਲ ਅਤੇ ਯੁਗਰਾਜ ਦਾ ਦੋਸਤ ਨਵਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਕੋਟ ਸੰਤੋਖ ਰਾਏ ਸਾਡੇ ਛੋਟੇ ਲੜਕੇ ਬਚਿੱਤਰ ਸਿੰਘ ਦੇ ਘਰ ਆਏ ਅਤੇ ਸਾਨੂੰ ਸਾਰਿਆਂ ਨੂੰ ਦਾਤਰ ਅਤੇ ਬੇਸਬਾਲ ਆਦਿ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ 'ਚ ਪਾਇਆ ਗਿਆ ਕਿ ਹਰਜਿੰਦਰ ਕੌਰ ਵੱਲੋਂ ਕੀਤੀ ਸਿਕਾਇਤ ਝੂਠੀ ਸੀ, ਜਦਕਿ ਅਜੈਬ ਸਿੰਘ ਵੱਲੋਂ ਦਿੱਤੀ ਗਈ ਸਿਕਾਇਤ ਸਹੀ ਸੀ। ਅਜੈਬ ਸਿੰਘ ਦੀ ਸਿਕਾਇਤ 'ਤੇ ਯੁਗਰਾਜ ਸਿੰਘ, ਲਖਵਿੰਦਰ ਕੌਰ ਅਤੇ ਨਵਦੀਪ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। 


Related News