ਬਜਰੰਗ ਅਸਥਾਈ ਤੌਰ ’ਤੇ ਮੁਅੱਤਲ, WFI ਨੇ ਨਾਡਾ ’ਤੇ ਹਨੇਰੇ ’ਚ ਰੱਖਣ ਦਾ ਲਾਇਆ ਦੋਸ਼
Sunday, May 05, 2024 - 08:08 PM (IST)
ਨਵੀਂ ਦਿੱਲੀ– ਬਜਰੰਗ ਪੂਨੀਆ ਨੂੰ ਹਾਲ ਹੀ ਵਿਚ ਰਾਸ਼ਟਰੀ ਟ੍ਰਾਇਲਾਂ ਦੌਰਾਨ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰਨ ’ਤੇ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਇਸ ਮਾਮਲੇ ਵਿਚ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਉਸ ਨੂੰ ‘ਹਨੇਰੇ ਵਿਚ’ ਰੱਖਣ ਦਾ ਦੋਸ਼ ਲਾਉਂਦੇ ਹੋਏ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਕੋਲ ਸ਼ਿਕਾਇਤ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਬਜਰੰਗ ਨੂੰ 23 ਅਪ੍ਰੈਲ ਨੂੰ ਨਾਡਾ ਨੇ ਅਸਥਾਈ ਤੌਰ ’ਤੇ ਮੁਅੱਤਲੀ ਨੋਟਿਸ ਸੌਂਪਿਆ ਸੀ। ਉਸ ਨੂੰ ਅੱਗੇ ਦੀ ਅਨੁਸ਼ਾਸਨਾਤਮਕ ਕਾਰਵਾਈ ਤੋਂ ਬਚਣ ਲਈ 7 ਮਈ ਤਕ ਆਪਣਾ ਜਵਾਬ ਭੇਜਣ ਨੂੰ ਕਿਹਾ ਗਿਆ ਸੀ। ਬਿਸ਼ਕੇਕ ਵਿਚ ਏਸ਼ੀਆਈ ਓਲੰਪਿਕ ਕੁਆਲੀਫਾਇਰ ਲਈ ਪੁਰਸ਼ਾਂ ਦੀ ਰਾਸ਼ਟਰੀ ਟੀਮ ਚੁਣਨ ਲਈ ਟ੍ਰਾਇਲ 10 ਮਾਰਚ ਨੂੰ ਸੋਨੀਪਤ ਵਿਚ ਆਯੋਜਿਤ ਕੀਤੇ ਗਏ ਸਨ ਤੇ ਬਜਰੰਗ ਆਪਣਾ ਮੁਕਾਬਲਾ ਹਾਰ ਜਾਣ ਤੋਂ ਬਾਅਦ ਪੇਸ਼ਾਬ ਦਾ ਨਮੂਨਾ ਦਿੱਤੇ ਬਿਨਾਂ ਹੀ ਪ੍ਰਤੀਯੋਗਿਤਾ ਵਾਲੇ ਸਥਾਨ ਤੋਂ ਚਲਾ ਗਿਆ ਸੀ।
ਬਜਰੰਗ ਨੇ ਆਪਣੀ ਮੁਅੱਤਲੀ ’ਤੇ ਕਿਹਾ ਕਿ ਉਸ ਨੇ ਕਦੇ ਵੀ ਨਾਡਾ ਦੇ ਅਧਿਕਾਰੀਆਂ ਨੂੰ ਆਪਣਾ ਨਮੂਨਾ ਦੇਣ ਤੋਂ ਇਨਕਾਰ ਕੀਤਾ ਗਿਆ। ਉਸ ਨੇ ‘ਐਕਸਪਾਇਰ ਹੋ ਚੁੱਕੀ ਕਿੱਟ’ ਦਾ ਦੋਸ਼ ਲਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੇਰੇ ਬਾਰੇ ਵਿਚ ਜੋ ਡੋਪ ਟੈਸਟ ਲਈ ਖਬਰ ਆ ਰਹੀ ਹੈ, ਉਸਦੇ ਲਈ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾਡਾ ਦੇ ਅਧਿਕਾਰੀਆਂ ਨੂੰ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਮੈਨੂੰ ਜਵਾਬ ਦੇਣ ਕਿ ਉਹ ਪਹਿਲਾਂ ਮੇਰਾ ਨਮੂਨਾ ਲੈਣ ਲਈ ਜਿਹੜੀ ‘ਐਕਸਪਾਇਰ’ ਕਿੱਟ ਲਿਆਏ ਸਨ, ਉਸ ’ਤੇ ਉਨ੍ਹਾਂ ਨੇ ਕੀ ਕਦਮ ਚੁੱਕਿਆ ਜਾਂ ਕੀ ਕਾਰਵਾਈ ਕੀਤੀ, ਉਸਦਾ ਜਵਾਬ ਦੇ ਦਿਓ ਤੇ ਫਿਰ ਮੇਰਾ ਡੋਪ ਟੈਸਟ ਲੈ ਲਓ।’’
ਉਸ ਨੇ ਕਿਹਾ,‘‘ਮੇਰੇ ਵਕੀਲ ਇਸ ਪੱਤਰ ਦਾ ਜਵਾਬ ਸਮੇਂ ’ਤੇ ਦੇਣਗੇ।’’ ਬਜਰੰਗ ਜੇਕਰ ਤੈਅ ਸਮੇਂ ਵਿਚ ਆਪਣਾ ਜਵਾਬ ਦੇਣ ਵਿਚ ਅਸਫਲ ਰਹਿੰਦਾ ਹੈ ਤਾਂ ਉਹ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ਵਿਚੋਂ ਬਾਹਰ ਹੋ ਜਾਵੇਗਾ। ਇਸ ਵਿਚਾਲੇ ਡਬਲਯੂ. ਐੱਫ. ਆਈ. ਮੁਖੀ ਸੰਜੇ ਸਿੰਘ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਨਾਡਾ ਨੇ ਉਸ ਨੂੰ ਬਜਰੰਗ ਦੀ ਮੁਅੱਤਲੀ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ। ਸੰਜੇ ਨੇ ਕਿਹਾ,‘‘ਇਹ ਅਸਲੀਅਤ ਵਿਚ ਹੈਰਾਨੀਜਨਕ ਹੈ ਕਿ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰਦੇ ਸਮੇਂ ਸਾਨੂੰ ਸੂਚਿਤ ਨਹੀਂ ਕੀਤਾ। ਮੈਂ 25 ਅਪ੍ਰੈਲ ਨੂੰ ਨਾਡਾ ਦੇ ਡਾਇਰੈਕਟਰ ਜਨਰਲ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਵਿਚ ਇਹ ਮਾਮਲਾ ਨਹੀਂ ਉਠਾਇਆ ਗਿਆ ਸੀ।’’ ਓਲੰਪਿਕ ਲਈ ਵਿਸ਼ਵ ਕੁਆਲੀਫਾਇਰ ਦਾ ਆਯੋਜਨ 9 ਮਈ ਤੋਂ ਤੁਰਕੀ ਵਿਚ ਹੋਵੇਗਾ। ਭਾਰਤੀ ਪਹਿਲਵਾਨਾਂ ਲਈ ਪੈਰਿਸ ਖੇਡਾਂ ਦਾ ਕੋਟਾ ਹਾਸਲ ਕਰਨ ਦਾ ਇਹ ਆਖਰੀ ਮੌਕਾ ਹੋਵੇਗਾ।