ਵਿਦੇਸ਼ ਤੋਂ ਧਨ ਭੇਜਣ ਦੇ ਮਾਮਲੇ ''ਚ ਭਾਰਤੀ ਦੁਨੀਆ ''ਚ ਸਭ ਤੋਂ ਅੱਗੇ: ਰਿਪੋਰਟ

Sunday, May 13, 2018 - 03:55 PM (IST)

ਨਿਊਯਾਰਕ— ਭਾਰਤ ਵਿਦੇਸ਼ ਤੋਂ ਧਨ ਪ੍ਰਾਪਤ ਕਰਨ ਦੇ ਮਾਮਲੇ ਵਿਚ ਦੁਨੀਆ ਦਾ ਸਭ ਤੋਂ ਪ੍ਰਮੁੱਖ ਦੇਸ਼ ਹੈ। ਦੇਸ਼ ਦੇ ਪ੍ਰਵਾਸੀ ਕਾਮਿਆਂ ਨੇ 2017 ਵਿਚ 69 ਅਰਬ ਅਮਰੀਕੀ ਡਾਲਰ ਵਿਦੇਸ਼ ਤੋਂ ਭਾਰਤ ਭੇਜੇ। ਇਕ ਰਿਪੋਰਟ ਮੁਤਾਬਕ ਬੀਤੇ ਸਾਲ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਵਿਦੇਸ਼ ਤੋਂ 256 ਅਰਬ ਡਾਲਰ ਭੇਜੇ ਗਏ। ਰਿਪੋਰਟ 'ਰੇਮਿਟਸਕੋਪ-ਰੇਮਿਟੈਂਸ ਮਾਰਕਿਟਸ ਐਂਡ ਅਪਰਚੁਨੀਟਿਜ਼-ਏਸ਼ੀਆ ਐਂਡ ਦਿ ਪੈਸੀਫਿਗ' ਕਹਿੰਦੀ ਹੈ ਕਿ 2017 ਵਿਚ ਭਾਰਤ (69 ਅਰਬ ਡਾਲਰ), ਚੀਨ (64 ਅਰਬ ਡਾਲਰ) ਅਤੇ ਫਿਲੀਪੀਨ (33 ਅਰਬ ਡਾਲਰ) ਵਿਚ ਕਰਮਵਾਰ ਵਿਦੇਸ਼ ਤੋਂ ਸਭ ਤੋਂ ਵਧ ਰਕਮ ਭੇਜੀ ਗਈ।
ਪਾਕਿਸਤਾਨ (20 ਅਰਬ ਡਾਲਰ) ਅਤੇ ਵਿਅਤਨਾਮ (14 ਅਰਬ ਡਾਲਰ) ਵੀ ਵਿਦੇਸ਼ ਤੋਂ ਵੱਡੀ ਰਕਮ ਪ੍ਰਾਪਤ ਕਰਨ ਵਾਲੇ ਟਾਪ 10 ਦੇਸ਼ਾਂ ਵਿਚ ਸ਼ਾਮਲ ਹਨ। ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿਚ ਭੇਜੀ ਜਾਣ ਵਾਲੀ ਰਕਮ ਦਾ 70 ਫੀਸਦੀ ਖੇਤਰ ਦੇ ਬਾਹਰ ਤੋਂ ਆਉਂਦਾ ਹੈ ਅਤੇ ਉਸ ਵਿਚ ਵੀ ਖਾਸ ਤੌਰ 'ਤੇ ਖਾੜੀ ਦੇਸ਼ਾਂ ਤੋਂ 32 ਫੀਸਦੀ, ਉਤਰੀ ਅਮਰੀਕਾ ਤੋਂ 26 ਫੀਸਦੀ ਅਤੇ ਯੂਰਪ ਤੋਂ 12 ਫੀਸਦੀ। ਅਜਿਹੀ ਉਮੀਦ ਹੈ ਕਿ ਸਾਲ 2030 ਤੱੱਕ ਵਿਕਾਸਸ਼ੀਲ ਦੇਸ਼ਾਂ ਨੂੰ ਵਿਦੇਸ਼ ਤੋਂ ਭੇਜੀ ਜਾਣ ਵਾਲੀ ਰਕਮ 6000 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਏਗੀ। ਇਸ ਵਿਚੋਂ ਅੱਧੀ ਰਕਮ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਆਏਗੀ ਜੋ ਅਕਸਰ ਬਹੁਤ ਛੋਟੇ ਕਸਬਿਆਂ ਅਤੇ ਪਿੰਡਾਂ ਤੱਕ ਪਹੁੰਚਦੀ ਹੈ। ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈ.ਐਫ.ਏ.ਡੀ) ਨੇ ਕਿਹਾ ਕਿ ਪਿਛਲੇ ਸਾਲ ਪ੍ਰਵਾਸੀ ਕਾਮਿਆਂ ਨੇ ਆਪਣੇ ਪਰਿਵਾਰਾਂ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ 256 ਅਰਬ ਅਮਰੀਕੀ ਡਾਲਰ ਦੀ ਰਕਮ ਭੇਜੀ।


Related News