ਜ਼ਿਲ੍ਹਾ ਰਿਆਸੀ ਦੇ ਪਿੰਡ ਕੜੂਆ ’ਚ ਵੰਡੀ ਗਈ ਦਰਸ਼ਨ ਲਾਲ ਬਵੇਜਾ ਵੱਲੋਂ ਭਿਜਵਾਈ ‘668ਵੇਂ ਟਰੱਕ ਦੀ ਰਾਹਤ ਸਮੱਗਰੀ’

05/21/2022 5:31:40 PM

ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨ 668ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਦੇ ਪਿੰਡ ਕੜੂਆ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਇਕ ਸਮਾਰੋਹ ’ਚ ਭੇਟ ਕੀਤੀ ਗਈ, ਜੋ ਮਾਰਕਿਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ (ਲੱਡੂ) ਵੱਲੋਂ ਭਿਜਵਾਈ ਗਈ ਸੀ। ਇਸ ’ਚ 300 ਜ਼ਰੂਰਤਮੰਦ ਪਰਿਵਾਰਾਂ ਲਈ ਰਾਸ਼ਨ ਸੀ, ਜੋ ਸਾਬਕਾ ਵਿਧਾਇਕ ਬਲਦੇਵ ਰਾਜ ਸ਼ਰਮਾ ਦੀ ਪ੍ਰਧਾਨਗੀ ’ਚ ਸੰਪੰਨ ਸਮਾਰੋਹ ’ਚ ਵੰਡੀ ਗਈ।

ਬਲਦੇਵ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ, ਅਜਿਹੇ ’ਚ ਪੰਜਾਬ ਕੇਸਰੀ ਗਰੁੱਪ ਹੀ ਸਾਡੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ, ਜਿਸ ਲਈ ਇੱਥੋਂ ਦੇ ਲੋਕ ਹਮੇਸ਼ਾਂ ਅਹਿਸਾਨਮੰਦ ਰਹਿਣਗੇ। ਸੁਦੇਸ਼ ਮੰਡੋਤਰਾ ਨੇ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਹਨ, ਉਨ੍ਹਾਂ ਸਾਰੀਆਂ ’ਚ ਅਤੇ ਹਰ ਆਫਤ ’ਚ ਰਿਲੀਫ ਫੰਡ ਸ਼ੁਰੂ ਕਰ ਕੇ ਜੋ ਇਤਿਹਾਸ ਪੰਜਾਬ ਕੇਸਰੀ ਗਰੁੱਪ ਨੇ ਬਣਾਇਆ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

ਭਾਜਪਾ ਦੇ ਸਰਕਲ ਪ੍ਰਧਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਰਹਿਣ ਵਾਲੇ ਲੋਕ ਬਹਾਦੁਰ ਤਾਂ ਹਨ ਪਰ ਅੱਤਵਾਦ ਅਤੇ ਪਾਕਿਸਤਾਨ ਦੀ ਗੋਲੀਬਾਰੀ ਨੇ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਕਰ ਦਿੱਤਾ ਹੈ। ਅਜਿਹੇ ’ਚ ਉਨ੍ਹਾਂ ਨੂੰ ਜੋ ਸਹਾਇਤਾ ਮਿਲ ਰਹੀ ਹੈ, ਉਹ ਬੇਮਿਸਾਲ ਹੈ।


rajwinder kaur

Content Editor

Related News