ਜ਼ਿੰਦਗੀ ਜ਼ਿੰਦਾਬਾਦ : ਕੈਂਸਰ ਨੂੰ ਹਰਾਉਣ ਮਗਰੋਂ ਧੀ ਆਪਣੀ ਮਾਂ ਨਾਲ ਮਾਊਂਟ ਐਵਰੈਸਟ ਨੂੰ ਕਰੇਗੀ ਸਰ
Friday, May 07, 2021 - 07:45 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਜ਼ਿੰਦਗੀ ’ਚ ਕੁਝ ਹਾਸਿਲ ਕਰਨ ਦਾ ਜਜ਼ਬਾ ਹੋਵੇ ਤਾਂ ਮਨੁੱਖ ਰੁਕਾਵਟਾਂ ਨੂੰ ਪਾਰ ਕਰ ਕੇ ਵੀ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦਾ ਹੈ। ਅਜਿਹਾ ਹੀ ਇੱਕ ਕੰਮ ਅਮਰੀਕਾ ਦੇ ਓਕਲਾਹੋਮਾ ਦੀ ਇੱਕ ਕੁੜੀ ਨੇ ਕੀਤਾ ਹੈ, ਜਿਸ ਨੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੂੰ ਹਰਾਉਣ ਤੋਂ ਬਾਅਦ ਆਪਣੀ ਮਾਂ ਨਾਲ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਹੀ ਹੈ। ਵਲਾਰੀ ਅਤੇ ਜੇਸ ਵਿਡੇਲ ਨੂੰ ਉਮੀਦ ਹੈ ਕਿ ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚਣ ਵਾਲੀ ਪਹਿਲੀ ਅਮਰੀਕੀ ਮਾਂ-ਧੀ ਦੀ ਟੀਮ ਬਣ ਜਾਵੇਗੀ।
ਜੇਸ ਵਿਡੇਲ ਨੇ ਕਿਹਾ ਕਿ ਇਹ ਯਾਤਰਾ ਸਿਰਫ ਸਿਖਰ ’ਤੇ ਜਾਣ ਬਾਰੇ ਨਹੀਂ ਹੈ, ਉਹ ਰਸਤੇ ’ਚ ਹਰ ਇਕ ਪਲ ਦਾ ਆਨੰਦ ਲੈ ਰਹੇ ਹਨ। ਇਸ ਮਾਂ-ਧੀ ਨੇ ਆਪਣੀ ਯਾਤਰਾ ਹਫਤਾ ਪਹਿਲਾਂ ਸ਼ੁਰੂ ਕੀਤੀ ਸੀ। ਵਲਾਰੀ ਵਿਡੇਲ, ਜੋ 61 ਸਾਲ ਦੀ ਅਤੇ ਦਮੇ ਦੀ ਮਰੀਜ਼ ਹੈ, ਜਦਕਿ ਉਸ ਦੀ ਧੀ ਜੇਸ ਵਿਡੇਲ ਨੂੰ 2016 ’ਚ ਅੰਡਕੋਸ਼ ਦਾ ਕੈਂਸਰ ਸੀ। ਉਸ ਦੀਆਂ ਕਈ ਸਰਜਰੀਆਂ ਅਤੇ ਮਹੀਨਿਆਂ ਦੀ ਕੀਮੋਥੈਰੇਪੀ ਕੀਤੀ ਗਈ ਪਰ ਉਹ ਹੁਣ ਕੈਂਸਰ-ਮੁਕਤ ਹੈ।ਇਹ ਦੋਵੇਂ ਪਹਿਲਾਂ ਤੋਂ ਹੀ ਐਵਰੈਸਟ ਉੱਤੇ ਤੂਫਾਨਾਂ ਨੂੰ ਪਾਰ ਕਰ ਚੁੱਕੀਆਂ ਹਨ ਪਰ ਇਸ ਜੋੜੀ ਨੇ ਕਿਹਾ ਕਿ ਇੱਥੇ ਉਨ੍ਹਾਂ ਨੇ ਅਜੇ 43 ਘੰਟਿਆਂ ਲਈ 60 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ ਦਾ ਸਾਹਮਣਾ ਕਰਨਾ ਹੈ ਅਤੇ ਇਸ ਕੰਮ ਲਈ ਉਨ੍ਹਾਂ ਨੇ ਉਮਰ ਭਰ ਦੀ ਤਾਕਤ ਜੁਟਾਈ ਹੈ। ਅਮਰੀਕਾ ਨਿਵਾਸੀ ਇਸ ਮਾਂ-ਧੀ ਦੇ ਜਜ਼ਬੇ ਨੂੰ ਸਲਾਮ ਹੈ।