11 ਸਾਲ ਦੀ ਕੁੜੀ ਨੇ ਕੀਤਾ ਮਗਰਮੱਛ ਨਾਲ ਮੁਕਾਬਲਾ, ਬਚਾਈ ਸਹੇਲੀ ਦੀ ਜਾਨ
Wednesday, Oct 30, 2019 - 01:57 PM (IST)

ਹਰਾਰੇ (ਬਿਊਰੋ) : ਜ਼ਿੰਬਾਬਵੇ ਦੀ ਇਕ 11 ਸਾਲ ਦੀ ਕੁੜੀ ਆਪਣੀ ਬਹਾਦੁਰੀ ਕਾਰਨ ਸੁਰਖੀਆਂ ਵਿਚ ਹੈ। ਸਕੂਲੀ ਵਿਦਿਆਰਥਣ ਰਿਬੈਕਾ ਮੁਨਕੋਮਬਵੇ (Rebecca Munkombwe) ਨੇ ਆਪਣੀ ਸਹੇਲੀ ਦੀ ਜਾਨ ਬਚਾਉਣ ਲਈ ਮਗਰਮੱਛ ਨਾਲ ਮੁਕਾਬਲਾ ਕੀਤਾ। ਰਿਬੈਕਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਗਰਮੱਛ ਦੀ ਪਿੱਠ 'ਤੇ ਛਾਲ ਮਾਰੀ ਅਤੇ ਫਿਰ ਉਸ ਦੀਆਂ ਅੱਖਾਂ ਨੂੰ ਮਸਲਦੇ ਹੋਏ ਆਪਣੀ ਸਹੇਲੀ ਲਾਤੋਆ ਮੁਵਾਨੀ ( Latoya Muwani) ਦੀ ਜਾਨ ਬਚਾ ਲਈ। ਘਟਨਾ ਦੇ ਸਮੇਂ 9 ਸਾਲ ਦੀ ਲਾਤੋਆ ਮੁਵਾਨੀ ਆਪਣੇ ਦੋਸਤਾਂ ਦੇ ਨਾਲ ਸਿੰਡਰੇਲਾ ਪਿੰਡ ਵਿਚ ਤੈਰਾਕੀ ਕਰ ਰਹੀ ਸੀ।
ਉਦੋਂ ਹੀ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ। ਉਹ ਲਾਤੋਆ ਨੂੰ ਖਿੱਚ ਕੇ ਦੂਰ ਲਿਜਾਉਣ ਦੀ ਕੋਸ਼ਿਸ਼ ਵਿਚ ਸੀ। ਆਪਣੀ ਸਹੇਲੀ ਲਾਤੋਆ ਦੀਆਂ ਚੀਕਾਂ ਸੁਣਨ ਮਗਰੋਂ ਰਿਬੈਕਾ ਨੇ ਮਗਰਮੱਛ ਦੀ ਪਿੱਠ 'ਤੇ ਛਾਲ ਮਾਰੀ। ਉਸ ਨੇ ਦੱਸਿਆ ਕਿ ਤੈਰਾਕੀ ਕਰ ਰਹੇ ਬੱਚਿਆਂ ਵਿਚੋਂ ਉਹ ਸਭ ਤੋਂ ਵੱਡੀ ਸੀ। ਇਸ ਲਈ ਉਸ ਨੇ ਸਹੇਲੀ ਨੂੰ ਬਚਾਉਣ ਦਾ ਫੈਸਲਾ ਲਿਆ। ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਮਗਰਮੱਛ ਨੇ ਲਾਤੋਆ ਨੂੰ ਹੱਥਾਂ ਅਤੇ ਪੈਰਾਂ ਤੋਂ ਫੜਿਆ ਹੋਇਆ ਸੀ। ਇਹ ਦੇਖਦੇ ਹੋਏ ਰਿਬੈਕਾ ਉਸ ਦੀ ਪਿੱਠ 'ਤੇ ਛਾਲ ਮਾਰ ਦਿੱਤੀ।
ਜਦੋਂ ਤੱਕ ਮਗਰਮੱਛ ਦੀ ਪਕੜ ਲਾਤੋਆ ਤੋਂ ਢਿੱਲੀ ਨਹੀਂ ਹੋਈ ਉਦੋਂ ਤੱਕ ਰਿਬੈਕਾ ਉਸ ਦੀਆਂ ਅੱਖਾਂ 'ਤੇ ਹਮਲਾ ਕਰਦੀ ਰਹੀ। ਜਿਵੇਂ ਹੀ ਲਾਤੋਆ ਮਗਰਮੱਛ ਦੀ ਪਕੜ ਵਿਚੋਂ ਆਜ਼ਾਦ ਹੋ ਗਈ ਤਾਂ ਰਿਬੈਕਾ ਉਸ ਨੂੰ ਲੈ ਕੇ ਤੇਜ਼ੀ ਨਾਲ ਕਿਨਾਰੇ ਵੱਲ ਚਲੀ ਗਈ। ਉਸ ਨੇ ਦੱਸਿਆ ਕਿ ਇਸ ਮਗਰੋਂ ਮਗਰਮੱਛ ਨੇ ਉਨ੍ਹਾਂ 'ਤੇ ਹਮਲਾ ਨਹੀਂ ਕੀਤਾ। ਚੰਗੀ ਗੱਲ ਇਹ ਸੀ ਕਿ ਹਮਲੇ ਵਿਚ ਰਿਬੈਕਾ ਜ਼ਖਮੀ ਨਹੀਂ ਹੋਈ। ਭਾਵੇਂਕਿ ਉਸ ਦੀ ਦੋਸਤ ਲਾਤੋਆ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਸ ਦੇ ਪਿਤਾ ਨੇ ਕਿਹਾ ਕਿ ਮੈਂ ਭਗਵਾਨ ਦਾ ਧੰਨਵਾਦੀ ਹਾਂ ਕਿ ਮੇਰੀ ਬੱਚੀ ਦੀ ਜਾਨ ਬੱਚ ਗਈ ਅਤੇ ਉਹ ਜਲਦੀ ਨਾਲ ਠੀਕ ਹੋ ਰਹੀ ਹੈ। ਆਸ ਹੈ ਕਿ ਉਸ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।