Year Ender: ਸਾਲ 2019 ਵਿਚ ਵਾਪਰੇ ਵੱਡੇ ਜਹਾਜ਼ ਹਾਦਸੇ (ਤਸਵੀਰਾਂ)

12/27/2019 7:09:23 PM

ਨਵੀਂ ਦਿੱਲੀ/ਵਾਸ਼ਿੰਗਟਨ- ਹਰ ਸਾਲ ਦੁਨੀਆ ਭਰ ਵਿਚ ਹੋਣ ਵਾਲੇ ਹਵਾਈ ਹਾਦਸਿਆਂ ਵਿਚ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਬੈਠਦੇ ਹਨ। ਜਿਥੇ ਸਾਲ 2017 ਵਿਚ ਵਾਪਰੇ ਹਵਾਈ ਹਾਦਸਿਆਂ ਵਿਚ 59 ਲੋਕਾਂ ਦੀ ਮੌਤ ਹੋਈ ਸੀ, ਉਥੇ 2018 ਵਿਚ ਇਹ ਅੰਕੜਾ 900 ਫੀਸਦੀ ਵਧ ਕੇ 561 'ਤੇ ਪਹੁੰਚ ਗਿਆ। ਸਾਲ 2019 ਵੀ ਇਸ ਮਾਮਲੇ ਵਿਚ ਬਹੁਤਾ ਪਿੱਛੇ ਦਿਖਾਈ ਨਹੀਂ ਦੇ ਰਿਹਾ। ਸਾਲ 2019 ਵਿਚ ਵੀ ਕੁਝ ਅਜਿਹੇ ਵੱਡੇ ਹਵਾਈ ਹਾਦਸੇ ਵਾਪਰੇ ਜਿਹਨਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। 2019 ਵਿਚ ਵਾਪਰੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਵਿਚ ਇਥੋਪੀਆ ਦਾ ਹਵਾਈ ਹਾਦਸਾ ਸਭ ਤੋਂ ਭਿਆਨਕ ਗਿਣਿਆ ਗਿਆ ਹੈ, ਜਿਸ ਦੌਰਾਨ ਕਰੂ ਮੈਂਬਰਾਂ ਸਣੇ 157 ਲੋਕਾਂ ਦੀ ਮੌਤ ਹੋ ਗਈ। ਆਓ ਜਾਣਦੇ ਹਾਂ ਸਾਲ 2019 ਵਿਚ ਵਾਪਰੇ ਹੋਰ ਵੱਡੇ ਹਵਾਈ ਹਾਦਸਿਆਂ ਬਾਰੇ।

ਤਹਿਰਾਨ: ਬੋਇੰਗ 707 ਜਹਾਜ਼ ਹਾਦਸਾ (14 ਜਨਵਰੀ)

PunjabKesari
ਈਰਾਨ ਦੀ ਰਾਜਧਾਨੀ ਤਹਿਰਾਨ ਵਿਚ 14 ਜਨਵਰੀ ਦਿਨ ਸੋਮਵਾਰ ਨੂੰ ਬੋਇੰਗ 707 ਕਿਰਗਿਤ ਕੈਰੀਅਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ ਕਰੂ ਮੈਂਬਰਾਂ ਸਣੇ 15 ਲੋਕਾਂ ਦੀ ਮੌਤ ਹੋ ਗਈ ਤੇ ਖੁਸ਼ਕਿਸਮਤੀ ਨਾਲ ਇਕ ਵਿਅਕਤੀ ਦੀ ਇਸ ਦੌਰਾਨ ਜਾਨ ਬਚ ਗਈ ਸੀ। ਇਸ ਦੌਰਾਨ ਐਮਰਜੰਸੀ ਸੇਵਾ ਅਧਿਕਾਰੀ ਨੇ ਦੱਸਿਆ ਸੀ ਕਿ ਜਹਾਜ਼ 'ਫੈਥ ਹਵਾਈ ਅੱਡੇ' 'ਤੇ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਇਕ ਕੰਧ ਨਾਲ ਟਕਰਾ ਗਿਆ ਸੀ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਵਿਚ ਅੱਗ ਲੱਗ ਗਈ।

ਕੋਲੰਬੀਆ: ਡੀਸੀ-3 ਜਹਾਜ਼ ਹਾਦਸਾ (9 ਮਾਰਚ)

PunjabKesari
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿਚ ਇਕ ਛੋਟੇ ਹਵਾਈ ਜਹਾਜ਼ ਡੋਗਲਸ ਡੀਸੀ-3 ਦੇ ਹਾਦਸਾਗ੍ਰਸਤ ਹੋਣ ਤਾਰਨ 3 ਕਰੂ ਮੈਂਬਰਾਂ ਸਣੇ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਹਵਾਈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਕਰੂ ਮੈਂਬਰਾਂ ਨੇ ਜਹਾਜ਼ ਦੇ ਐਮਰਜੰਸੀ ਹਾਲਾਤ ਵਿਚ ਹੋਣ ਦੀ ਜਾਣਕਾਰੀ ਦਿੱਤੀ ਸੀ ਤੇ ਲਾ ਵੇਨਗੁਆਰਡੀਆ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਇਥੋਪੀਆ: ਬੋਇੰਗ 737 ਜਹਾਜ਼ ਹਾਦਸਾ (10 ਮਾਰਚ)

PunjabKesari
ਇਥੋਪੀਆ ਵਿਚ ਮਾਰਚ ਮਹੀਨੇ ਵਾਪਰੇ ਇਸ ਜਹਾਜ਼ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਾਦਸੇ ਦੌਰਾਨ ਕਰੂ ਮੈਂਬਰਾਂ ਸਣੇ 157 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਮਰਨ ਵਾਲਿਆਂ ਵਿਚ ਚਾਰ ਭਾਰਤੀ ਵੀ ਸ਼ਾਮਲ ਸਨ। ਬੋਇੰਗ 737 ਅਦੀਸ ਅਬਾਬਾ ਦੇ ਨੈਰੋਬੀ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ 35 ਦੇਸ਼ਾਂ ਦੇ ਨਾਗਰਿਕ ਤੇ ਇਕ ਸੰਯੁਕਤ ਰਾਸ਼ਟਰ ਦੇ ਪਾਸਪੋਰਟ ਵਾਲਾ ਵਿਅਕਤੀ ਸ਼ਾਮਲ ਸੀ। ਏਅਰਲਾਈਨ ਦੇ ਸੀਈਓ ਟੀ. ਗੇਬ੍ਰੇਮਰੀਅਮ ਨੇ ਇਸ ਦੌਰਾਨ ਦੱਸਿਆ ਕਿ ਜਹਾਜ਼ ਨੇ ਅਦੀਸ ਅਬਾਬਾ ਦੇ ਬੋਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 8:38 ਵਜੇ ਉਡਾਣ ਭਰੀ ਤੇ 8:44 'ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

ਮਾਸਕੋ: ਏਅਰੋਫਲੋਟ ਫਲਾਈਟ 1492 (5 ਮਈ)

PunjabKesari
ਰੂਸ ਦੀ ਰਾਜਧਾਨੀ ਮਾਸਕੋ ਵਿਚ ਇਕ ਯਾਤਰੀ ਜਹਾਜ਼ ਏਅਰੋਫਲੋਟ ਫਲਾਈਟ 1492 ਐਮਰਜੰਸੀ ਕ੍ਰੈਸ਼ ਲੈਂਡਿੰਗ ਦੌਰਾਨ ਸ਼ੇਰੇਮੀਟਯੇਵੋ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਵਿਚ ਅੱਗ ਲੱਗ ਗਈ। ਹਾਦਸੇ ਦੌਰਾਨ ਜਹਾਜ਼ 'ਤੇ ਕੁੱਲ 78 ਲੋਕ ਸਵਾਰ ਸਨ। ਹਾਦਸੇ ਵਿਚ ਪੰਚ ਕਰੂ ਮੈਂਬਰਾਂ ਸਣੇ 41 ਲੋਕਾਂ ਦੀ ਮੌਤ ਹੋ ਗਈ ਸੀ।

ਕਾਂਗੋ: ਡੋਰਨੀਅਰ-228 ਜਹਾਜ਼ ਹਾਦਸਾ (24 ਨਵੰਬਰ)

PunjabKesari
ਕਾਂਗੋ ਲੋਕਤਾਂਤਰਿਕ ਗਣਰਾਜ ਦੇ ਸ਼ਹਿਰ ਗੋਮਾ 'ਚ ਸ਼ਨੀਵਾਰ (24 ਨਵੰਬਰ) ਨੂੰ ਇਕ ਜਹਾਜ਼ ਉਡਾਣ ਭਰਨ ਦੌਰਾਨ ਸੰਘਣੀ ਆਬਾਦੀ ਵਾਲੇ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 29 ਲੋਕਾਂ ਦੀ ਮੌਤ ਹੋ ਗਈ ਸੀ। ਡੋਰਨੀਅਰ-228 ਗੋਮਾ ਤੋਂ 350 ਕਿਲੋਮੀਟਰ ਉੱਤਰ 'ਚ ਸਥਿਤ ਬੇਨੀ ਜਾ ਰਿਹਾ ਸੀ। ਹਾਦਸੇ ਦੌਰਾਨ ਜਹਾਜ਼ ਵਿਚ 17 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਨ। ਜਹਾਜ਼ ਦੀ ਲਪੇਟ ਵਿਚ ਆਉਣ ਕਾਰਨ 10 ਹੋਰ ਲੋਕਾਂ ਦੀ ਮੌਤ ਹੋ ਗਈ ਸੀ।

ਡਕੋਟਾ: ਪਿਲਾਟਸ ਪੀਸੀ-12 ਜਹਾਜ਼ ਹਾਦਸਾ (1 ਦਸੰਬਰ)

PunjabKesari
ਅਮਰੀਕਾ ਦੇ ਸੂਬੇ ਸਾਊਥ ਡਕੋਟਾ ਵਿਚ 'ਪਿਲਾਟਸ ਪੀ.ਸੀ.-12' ਜਹਾਜ਼ ਕ੍ਰੈਸ਼ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ ਸਨ। ਮ੍ਰਿਤਕਾਂ ਵਿਚ 2 ਬੱਚੇ ਵੀ ਸਨ। ਅਮਰੀਕੀ ਮੀਡੀਆ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਜਹਾਜ਼ ਚੈਂਬਰਲੇਨ ਤੋਂ ਆਈਡਾਹੋ ਵੱਲ ਜਾ ਰਿਹਾ ਸੀ। ਸੰਘੀ ਜਹਾਜ਼ ਪ੍ਰਸ਼ਾਸਨ ਨੇ ਦੱਸਿਆ ਕਿ ਟਰਬੋਪ੍ਰੋਪ ਜਹਾਜ਼ 'ਪਿਲਾਟਸ ਪੀ.ਸੀ.-12' ਚੈਂਬਰਲੇਨ ਹਵਾਈ ਅੱਡੇ ਤੋਂ ਤਕਰੀਬਨ ਇਕ ਮੀਲ ਦੂਰ ਉਡਾਣ ਭਰਨ ਦੇ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਜਹਾਜ਼ ਵਿਚ ਕੁੱਲ 12 ਲੋਕ ਸਵਾਰ ਸਨ।

ਵੈਨੇਜ਼ੁਏਲਾ: ਨਿੱਜੀ 100 ਕਿੰਗ ਹਵਾਈ ਜੈੱਟ ਹਾਦਸਾ (20 ਦਸੰਬਰ)

PunjabKesari
ਵੈਨਜ਼ੁਏਲਾ ਦੇ ਕਰਾਕਸ 'ਚ ਆਸਕਰ ਮਾਚਾਡੋ ਜੁਲੋਆਗਾ ਕੌਮਾਂਤਰੀ ਹਵਾਈ ਅੱਡੇ ਕੋਲ ਇਕ ਨਿੱਜੀ 100 ਕਿੰਗ ਹਵਾਈ ਜੈੱਟ ਦੁਰਘਟਨਾ ਦਾ ਸ਼ਿਕਾਰ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਇਹ ਹਵਾਈ ਜਹਾਜ਼ ਵਪਾਰਕ ਲੋਕਾਂ ਨੂੰ ਲੈ ਕੇ ਰਾਸ਼ਟਰੀ ਨਿਵੇਸ਼ ਨੂੰ ਲੈ ਕੇ ਹੋਣ ਵਾਲੀਆਂ ਬੈਠਕਾਂ 'ਚ ਹਿੱਸਾ ਲੈਣ ਲਈ ਵੈਨਜ਼ੁਏਲਾ ਦੇ ਦੱਖਣੀ-ਪੂਰਬੀ ਸੂਬੇ ਬੋਲੀਵਰ ਤੋਂ ਉਡਾਣ ਭਰੀ ਸੀ।

ਕਜ਼ਾਕਿਸਤਾਨ: ਬੇਕ ਏਅਰ ਫੋਕਰ 100 ਏਅਰਕ੍ਰਾਫਟ ਹਾਦਸਾ 

PunjabKesari
ਕਜ਼ਾਕਿਸਤਾਨ ਦੇ ਅਲਮਾਤੀ ਹਵਾਈ ਅੱਡੇ ਕੋਲ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਇਕ ਯਾਤਰੀ ਜਹਾਜ਼ ਬੇਕ ਏਅਰ ਫੋਕਰ 100 ਏਅਰਕ੍ਰਾਫਟ ਉਡਾਣ ਭਰਨ ਤੋਂ ਠੀਕ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 15 ਲੋਕ ਮਾਰੇ ਗਏ ਤੇ 60 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਏਅਰਕ੍ਰਾਫਟ ਵਿਚ ਕੁੱਲ 100 ਯਾਤਰੀ ਤੇ 5 ਕਰੂ ਮੈਂਬਰ ਸਵਾਰ ਸਨ। ਇਹ ਜਹਾਜ਼ ਮੱਧ ਏਸ਼ੀਆਈ ਰਾਸ਼ਟਰ ਦੀ ਰਾਜਧਾਨੀ ਨੂਰ-ਸੁਲਤਾਨ ਲਈ ਰਵਾਨਾ ਹੋਇਆ ਸੀ।


Baljit Singh

Content Editor

Related News