10 ਸਾਲਾਂ ਤਕ ਨਾ ਬਣ ਸਕੀ ਮਾਂ ਤਾਂ ਪਤੀ ਨੇ ਛੱਡਿਆ, ਟੈੱਸਟ ''ਚ ਨਿਕਲੀ ਗਰਭਵਤੀ

04/10/2018 9:51:58 AM

ਲੰਡਨ— ਇੰਗਲੈਂਡ ਦੇ ਸ਼ਹਿਰ ਪੀਟਰਸਫੀਲਡ 'ਚ ਰਹਿਣ ਵਾਲੀ ਇਕ 31 ਸਾਲਾ ਔਰਤ ਨੇ ਦੱਸਿਆ ਕਿ ਉਹ ਵਿਆਹ ਦੇ 10 ਸਾਲਾਂ ਤਕ ਮਾਂ ਨਾ ਬਣ ਸਕੀ ਅਤੇ ਇਸੇ ਕਾਰਨ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਇਲੀਨਰ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਬੱਚੇ ਦਾ ਮੂੰਹ ਦੇਖਣ ਲਈ ਤਰਸ ਰਹੀ ਸੀ ਅਤੇ ਇਸ ਦੌਰਾਨ ਉਹ ਕਈ ਵਾਰ ਟੈਸਟ ਕਰਵਾ ਚੁੱਕੀ ਸੀ ਪਰ ਹਰ ਵਾਰ ਡਾਕਟਰਾਂ ਦਾ ਇਕੋ ਹੀ ਜਵਾਬ ਹੁੰਦਾ ਸੀ ਕਿ ਉਹ ਮਾਂ ਨਹੀਂ ਬਣ ਸਕਦੀ। ਉਸ ਨੇ ਦੱਸਿਆ ਕਿ ਬਚਪਨ 'ਚ ਉਸ ਨੂੰ ਅਪੈਂਡਿਕਸ ਸੀ ਅਤੇ ਉਸ ਦਾ ਆਪਰੇਸ਼ਨ ਹੋਇਆ ਸੀ, ਜਿਸ ਕਾਰਨ ਉਹ ਮਾਂ ਨਹੀਂ ਬਣ ਸਕਦੀ ਸੀ। ਇਲੀਨਰ ਅਤੇ ਉਸ ਦੇ ਪਤੀ ਜੈਸਨ ਦੋਹਾਂ ਨੇ ਆਈ. ਵੀ. ਐੱਫ ਤਕਨੀਕ ਰਾਹੀਂ ਦੋ ਵਾਰ ਬੱਚਾ ਜੰਮਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।  ਜਦ ਇਲੀਨਰ ਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਤਾਂ ਉਸ ਦੇ 43 ਸਾਲਾ ਪਤੀ ਨੇ ਉਸ ਨਾਲ ਝਗੜਾ ਕੀਤਾ। ਉਸ ਨੇ ਉਸ 'ਤੇ ਥੁੱਕਿਆ ਅਤੇ ਘਰ 'ਚੋਂ ਕੱਢ ਦਿੱਤਾ। ਪਤੀ ਤੋਂ ਵੱਖ ਰਹਿਣ ਦੌਰਾਨ ਇਲੀਨਰ ਆਪਣੀ ਕਿਸਮਤ ਨੂੰ ਕੋਸਦੀ ਰਹੀ। ਉਹ ਕਈ ਦਿਨਾਂ ਤਕ ਪ੍ਰੇਸ਼ਾਨ ਰਹੀ ਅਤੇ ਬੀਮਾਰ ਹੋ ਗਈ। ਉਸ ਨੂੰ ਅਜੀਬ ਜਿਹੇ ਸੁਪਨੇ ਆਉਂਦੇ ਸਨ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਟੈੱਸਟ ਕਰਾਵੇ। ਜਦ ਉਹ ਟੈੱਸਟ ਕਰਵਾਉਣ ਗਈ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ 9 ਹਫਤਿਆਂ ਤੋਂ ਗਰਭਵਤੀ ਹੈ। ਉਸ ਨੂੰ ਇਸ ਗੱਲ 'ਤੇ ਯਕੀਨ ਨਾ ਹੋਇਆ ਅਤੇ ਉਸ ਨੇ ਘੱਟੋ-ਘੱਟ 20 ਵਾਰ ਟੈੱਸਟ ਕਰਵਾਇਆ ਅਤੇ ਹਰੇਕ ਨੇ ਇਹ ਹੀ ਦੱਸਿਆ ਕਿ ਉਹ ਗਰਭਵਤੀ ਹੈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। 

PunjabKesari
ਉਸ ਨੇ ਆਪਣੇ ਪਤੀ ਨਾਲ ਇਹ ਗੱਲ ਸਾਂਝੀ ਕੀਤੀ ਅਤੇ ਉਨ੍ਹਾਂ ਨੇ ਫਿਰ ਤੋਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ। ਮਈ 2017 ਨੂੰ ਉਨ੍ਹਾਂ ਦੇ ਘਰ ਇਕ ਮੁੰਡੇ ਨੇ ਜਨਮ ਲਿਆ। ਹੁਣ ਉਹ ਉਸ ਦਾ ਪਹਿਲਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਬੱਚੇ ਦੇ ਆਉਣ ਨਾਲ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਗਿਆ। ਜੈਸਨ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਦੀ ਇਕ 10 ਸਾਲਾ ਧੀ ਹੈ ਜੋ ਜੈਸਨ ਦੇ ਘਰ 'ਚ ਹੀ ਰਹਿੰਦੀ ਹੈ। ਜੈਸਨ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਗਿਆ ਹੈ ਅਤੇ ਉਹ ਬਹੁਤ ਖੁਸ਼ ਹਨ। 

PunjabKesari
ਇਲੀਨਰ ਨੇ ਦੱਸਿਆ ਕਿ ਜਦ ਉਹ 5 ਸਾਲ ਦੀ ਸੀ ਤਾਂ ਉਸ ਦਾ ਅਪੈਂਡਿਕਸ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਸੇ ਸਮੇਂ ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ। ਉਹ ਇਸੇ ਬੋਝ ਨਾਲ ਵੱਡੀ ਹੋਈ। ਉਸ ਨੇ ਕਿਹਾ ਕਿ ਉਸ ਦੇ ਪਹਿਲੇ ਪ੍ਰੇਮੀ ਨੇ ਉਸ ਨੂੰ ਇਸੇ ਕਾਰਨ ਛੱਡ ਦਿੱਤਾ ਸੀ ਕਿਉਂਕਿ ਇਲੀਨਰ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਉਹ ਬੱਚੇ ਨਹੀਂ ਜੰਮ ਸਕੇਗੀ। ਉਸ ਨੇ ਕਿਹਾ ਕਿ ਉਹ ਹਰ ਦੁੱਖ ਨੂੰ ਝੱਲਦੀ ਰਹੀ ਪਰ ਜਦ ਉਸ ਦੇ ਪਤੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ ਤਾਂ ਉਹ ਟੁੱਟ ਗਈ ਸੀ। ਉਸ ਸਮੇਂ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਹੁਣ ਉਹ ਬਹੁਤ ਖੁਸ਼ ਹੈ।


Related News