10 ਸਾਲ ਦੀ ਕੁੁੜੀ ਨੇ ਕੀਤਾ 6 ਮਹੀਨੇ ਦੇ ਬੱਚੇ ਦਾ ਕਤਲ
Saturday, Nov 10, 2018 - 02:30 PM (IST)
ਵਿਸਕੋਨਸਿਨ— ਅਮਰੀਕਾ 'ਚ ਇਕ 10 ਸਾਲ ਦੀ ਬੱਚੀ ਵੱਲੋਂ 6 ਮਹੀਨੇ ਦੇ ਬੱਚੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਮਾਤਾ-ਪਿਤਾ ਰੋਜ਼ ਦੀ ਤਰ੍ਹਾਂ ਉਸ ਨੂੰ ਝੂਲਾਘਰ 'ਚ ਛੱਡ ਕੇ ਦਫਤਰ ਲਈ ਗਏ ਸਨ। ਉਸੇ ਦੌਰਾਨ ਇਕ 10 ਸਾਲ ਦੀ ਬੱਚੀ ਨੇ ਉਸ ਨੂੰ ਗੋਦੀ 'ਚ ਲਿਆ ਅਤੇ ਫਿਰ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇੰਨਾਂ ਹੀ ਨਹੀਂ ਜਦੋਂ ਬੱਚਾ ਰੌਣ ਲੱਗਾ ਤਾਂ ਉਸ ਨੇ ਫੁੱਟ ਸਟੂਲ ਚੱਕ ਕੇ ਉਸ ਦੇ ਸਿਰ 'ਤੇ ਮਾਰ ਦਿੱਤਾ। ਖੂਨ ਨਾਲ ਲੱਥਪਥ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਕਤਲ ਦਾ ਦੋਸ਼ ਲਗਾ ਕੇ 10 ਸਾਲ ਦੀ ਬੱਚੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੰਗਲਵਾਰ ਨੂੰ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਈ।
ਦੱਸ ਦੇਈਏ ਕਿ ਘਟਨਾ ਬੀਤੀ 30 ਅਕਤੂਬਰ ਨੂੰ ਵਿਸਕੋਨਸਿਨ ਦੇ ਚਿੱਪੇਵਾ ਫਾਲਸ 'ਚ ਇਕ ਲਾਇਸੈਂਸੀ ਝੂਲੇਘਰ ਵਿਚ ਹੋਈ। ਉਸ ਵੇਲੇ ਉੱਥੇ ਇਕ ਬਾਲਗ ਅਤੇ ਕੁੱਲ ਤਿੰਨ ਬੱਚੇ ਮੌਜੂਦ ਸਨ। ਚਿੱਪੇਵਾ ਕਾਊਂਟੀ ਸ਼ੈਰਿਫ ਨੂੰ ਝੂਲੇਘਰ ਤੋਂ ਐਮਰਜੈਂਸੀ ਕਾਲ ਆਇਆ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ ਗਿਆ। ਅਥਾਰਿਟੀ ਜਦੋਂ ਮੌਕੇ 'ਤੇ ਪਹੁੰਚੀ ਤਾਂ ਬੱਚਾ ਜ਼ਖਮੀ ਹਾਲਤ ਵਿਚ ਪਿਆ ਸੀ। ਪੁਲਸ ਨੇ ਦੱਸਿਆ ਕਿ ਬੱਚੇ ਦੇ ਸਿਰ ਚੋਂ ਕਾਫੀ ਖੂਨ ਨਿਕਲ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਖਬਰ ਕੀਤੀ ਗਈ ਪਰ ਬੱਚੇ ਦੀ ਦੋ ਦਿਨ ਬਾਅਦ ਮੌਤ ਹੋ ਗਈ।
ਸੁਣਵਾਈ 'ਚ ਮਾਤਾ-ਪਿਤਾ ਨਾਲ ਪਹੁੰਚੀ ਲੜਕੀ
ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਬੱਚੀ ਆਪਣੇ ਬਾਏਲਾਜੀਕਲ ਮਾਤਾ-ਪਿਤਾ ਨਾਲ ਕੋਰਟ 'ਚ ਪਹੁੰਚੀ ਅਤੇ ਉਹ ਡਰ ਨਾਲ ਰੋ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਲੜਕੀ 'ਤੇ ਬਾਲਗ ਦੀ ਤਰ੍ਹਾਂ ਕੇਸ ਚਲਿਆ ਤਾਂ ਉਸ ਨੂੰ ਬਾਲਗ ਕੋਰਟ ਤੋਂ ਉਮਰਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਸੂਤਰਾਂ ਮੁਤਾਬਕ ਇਸ ਕੇਸ ਨੂੰ ਜੁਵੇਨਾਈਲ ਕੋਰਟ 'ਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਘਟਨਾ ਦੇ ਇਕ ਮਹੀਨੇ ਪਹਿਲਾਂ ਤੋਂ ਹੀ ਬੱਚੀ ਆਪਣੇ ਬਾਏਲਾਜੀਕਲ ਮਾਤਾ-ਪਿਤਾ ਨਾਲ ਨਹੀਂ ਰਹਿ ਰਹੀ ਸੀ। ਉਹ ਡੇਅਕੇਅਰ ਚਲਾਉਣ ਵਾਲੇ ਆਪਣੇ ਫੋਸਟਰ ਮਾਤਾ-ਪਿਤਾ (ਗੋਦ ਲੈਣ ਵਾਲੇ) ਕੋਲ ਰਹਿ ਰਹੀ ਸੀ।