ਇੰਦਰਪ੍ਰੀਤ ਪੈਰੀ ਦੇ ਕਤਲ ਮਾਮਲੇ ''ਚ ਵੱਡਾ ਖ਼ੁਲਾਸਾ, ਪੀਯੂਸ਼ ਪਿਪਲਾਨੀ ਨੇ ਕੀਤਾ ਸੀ ਕਤਲ
Friday, Dec 05, 2025 - 12:28 PM (IST)
ਚੰਡੀਗੜ੍ਹ (ਸੁਸ਼ੀਲ) : ਲਾਰੈਂਸ ਬਿਸ਼ਨੋਈ ਨੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਪੀਯੂਸ਼ ਪਿਪਲਾਨੀ ਨੇ ਕੀਤਾ ਹੈ। ਘਟਨਾ ਵਾਲੇ ਦਿਨ ਪੀਯੂਸ਼ ਹੀ ਪੈਰੀ ਨਾਲ ਕਾਰ ’ਚ ਬੈਠਾ ਸੀ ਅਤੇ ਉਸ ਨੂੰ ਟਿੰਬਰ ਮਾਰਕਿਟ ਲੈ ਕੇ ਗਿਆ ਸੀ। ਪੰਜਾਬ ਪੁਲਸ ਨੇ ਪੈਰੀ ਕਤਲ ਮਾਮਲੇ ’ਚ ਪੀਯੂਸ਼ ਦੀ ਇਕ ਵੀਡੀਓ ਪੇਸ਼ ਕੀਤੀ ਹੈ, ਜਿਸ ’ਚ ਦੋਵੇਂ ਇੱਕੋ ਕਾਰ ’ਚ ਬੈਠੇ ਹਨ। ਕਤਲ ’ਚ ਵਰਤੀ ਗਈ ਕਰੇਟਾ ਕਾਰ 2024 ’ਚ ਰਾਜਸਥਾਨ ਦੇ ਕੋਟਾ ਤੋਂ ਚੋਰੀ ਹੋਆ ਸੀ। ਕਾਤਲ ਇਸ ਕਾਰ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ। ਪੀਯੂਸ਼ ਪਿਪਲਾਨੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਤੇ ਸਰਗਰਮ ਮੈਂਬਰ ਮੰਨਿਆ ਜਾਂਦਾ ਹੈ।
ਕਬੱਡੀ ਖਿਡਾਰੀ ਦਾ ਕੀਤਾ ਸੀ ਪਿਊਸ਼ ਨੇ ਪੈਰੀ ਵਾਂਗ ਕਤਲ
ਪੈਰੀ ਦਾ ਕਤਲ ਵੀ 5 ਜੂਨ ਨੂੰ ਪੰਚਕੂਲਾ ’ਚ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੇ ਕਤਲ ਵਾਂਗ ਕੀਤਾ ਗਿਆ ਹੈ। ਪੀਯੂਸ਼ ਤੇ ਅੰਕੁਸ਼ ਕਬੱਡੀ ਖਿਡਾਰੀ ਸੋਨੂੰ ਨੂੰ ਕਾਰ ’ਚ ਬੈਠਾ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਏ ਸਨ। ਪੁਲਸ ਨੂੰ ਸ਼ੁਰੂ ’ਚ ਪੀਯੂਸ਼ ’ਤੇ ਸ਼ੱਕ ਹੋਇਆ ਪਰ ਪੰਜਾਬ ਪੁਲਸ ਨੂੰ ਫੁਟੇਜ ਮਿਲਣ ਤੋਂ ਬਾਅਦ ਸ਼ੱਕ ਪੱਕਾ ਹੋ ਗਿਆ। ਉਸ ਨੇ ਕਬੱਡੀ ਖਿਡਾਰੀ ਦਾ ਕਤਲ ਅਨਮੋਲ ਬਿਸ਼ਨੋਈ ਦੇ ਕਹਿਣ ’ਤੇ ਕੀਤਾ ਸੀ। ਪੰਚਕੂਲਾ ਪੁਲਸ ਲਈ ਪੀਯੂਸ਼ ਵਾਂਟੇਡ ਚੱਲ ਰਿਹਾ ਹੈ।
ਲਾਰੈਂਸ ਨੇ ਹਥਿਆਰ ਤੇ ਗੱਡੀ ਮੁਹੱਈਆ ਕਰਵਾਈ ਸੀ
ਲਾਰੈਂਸ ਦੇ ਗਿਰੋਹ ਦੇ ਇਕ ਮੈਂਬਰ ਨੇ ਪੈਰੀ ਦੇ ਕਤਲ ਲਈ ਪੀਯੂਸ਼ ਨੂੰ ਪਿਸਤੌਲ ਮੁਹੱਈਆ ਕਰਵਾਈ ਸੀ। ਘਟਨਾ ਤੋਂ ਬਾਅਦ ਪਿਸਤੌਲ ਗਿਰੋਹ ਦੇ ਮੈਂਬਰ ਨੂੰ ਵਾਪਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਹਫ਼ਤਾ ਪਹਿਲਾਂ ਗਿਰੋਹ ਦੇ ਮੈਂਬਰ ਨੇ ਪੈਰੀ ਦੀ ਰੇਕੀ ਕਰਨ ਲਈ ਕਾਰ ਵੀ ਦਿੱਤੀ ਸੀ। ਪੀਯੂਸ਼ ਟ੍ਰਾਈਸਿਟੀ ਦੇ ਰੂਟਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੈ। ਇਸ ਲਈ ਸੈਕਟਰ-26 ’ਚ ਪੈਰੀ ਨੂੰ ਮਾਰਨ ਤੋਂ ਬਾਅਦ ਉਹ ਪੰਚਕੂਲਾ ਗਏ ਸਨ। ਉੱਥੋਂ ਪੀਯੂਸ਼ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ।
