ਵ੍ਹਾਈਟ ਹਾਊਸ ਨੇ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ਸਭ ਤੋਂ ''ਸ਼ਰਮਨਾਕ ਦਿਨ''
Thursday, Dec 19, 2019 - 11:42 PM (IST)

ਵਾਸ਼ਿੰਗਟਨ - ਵ੍ਹਾਈਟ ਹਾਊਸ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ 'ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਆਖਿਆ ਕਿ ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਅਮਰੀਕੀ ਸੈਨੇਟ ਟ੍ਰਾਇਲ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਤੀਨਿਧੀ ਸਭਾ ਵੱਲੋਂ ਉਨ੍ਹਾਂ 'ਤੇ ਲਗਾਏ ਗਏ ਸੱਤਾ ਦੇ ਗਲਤ ਇਸਤੇਮਾਲ ਦੇ ਦੋਸ਼ ਤੋਂ ਮੁਕਤ ਕਰ ਦੇਵੇਗੀ। ਬੁੱਧਵਾਰ ਦਾ ਦਿਨ ਅਮਰੀਕੀ ਸਿਆਸਤ ਦੇ ਇਤਿਹਾਸ 'ਚ ਇਕ ਨਵਾਂ ਦਿਨ ਸਾਬਿਤ ਹੋਇਆ। 18 ਦਸੰਬਰ ਨੂੰ ਡੋਨਾਲਡ ਟਰੰਪ ਤੀਜੇ ਅਜਿਹੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਨੂੰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਹੈ।
ਡੈਮੋਕ੍ਰੇਟਸ ਨੇ ਕਾਨੂੰਨ ਰੱਖਿਆ ਟਾਪ 'ਤੇ
ਵ੍ਹਾਈਟ ਹਾਊਸ ਦੀ ਬੁਲਾਰੀ ਸਟੇਫਨੀ ਗ੍ਰੇਸ਼ਮ ਨੇ ਆਖਿਆ ਕਿ ਅੱਜ ਦਾ ਦਿਨ ਸਾਡੇ ਦੇਸ਼ ਦੀ ਸਿਆਸਤ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਸ਼ਰਮਨਾਕ ਦਿਨ ਹੈ। ਇਕ ਵੀ ਰਿਪਬਲਿਕਨ ਵੋਟ ਦੇ ਅਤੇ ਗਲਤ ਕੰਮਾਂ ਦੇ ਸਬੂਤ ਦਿੱਤੇ ਬਿਨਾਂ ਹੀ ਡੈਮੋਕ੍ਰੇਟਸ ਨੇ ਪ੍ਰਤੀਨਿਧੀ ਸਭਾ ਦੇ ਜ਼ਰੀਏ ਰਾਸ਼ਟਰਪਤੀ ਖਿਲਾਫ ਮਹਾਦੋਸ਼ ਲਾ ਦਿੱਤਾ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਸੈਨੇਟ ਉਸ ਪ੍ਰਕਿਰਿਆ ਦਾ ਪਾਲਣ ਕਰੇਗੀ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਉਹ ਹੁਣ ਅਗਲੇ ਕਦਮ ਲਈ ਪੂਰੀ ਤਰ੍ਹਾਂ ਤਿਆਰ ਹਨ। ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ਮਹਾਦੋਸ਼ 'ਤੇ ਵੋਟਿੰਗ ਕੀਤੀ ਗਈ ਅਤੇ ਟਰੰਪ ਨੂੰ ਅਧਿਕਾਰਕ ਤੌਰ 'ਤੇ ਸੰਵਿਧਾਨ ਦੇ ਤਹਿਤ ਸੱਤਾ ਦੇ ਗਲਤ ਇਸਤੇਮਾਲ ਦਾ ਦੋਸ਼ੀ ਪਾਇਆ ਗਿਆ।
ਮਹਾਦੋਸ਼ ਕਾਰਨ ਨਹੀਂ ਗਈ ਕੁਰਸੀ
ਇਹ ਗੱਲ ਵੀ ਦਿਲਚਸਪ ਹੈ ਕਿ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੀ ਕੁਰਸੀ ਮਹਾਦੋਸ਼ ਕਾਰਨ ਨਹੀਂ ਗਈ ਹੈ। ਟਰੰਪ ਨੂੰ ਉੱਚ ਦਰਜੇ ਦੇ ਦੋਸ਼ ਅਤੇ ਮਾੜੇ ਵਿਵਹਾਰ ਦਾ ਦੋਸ਼ੀ ਦੱਸਿਆ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਮਹਾਦੋਸ਼ ਕਾਰਨ ਆਪਣਾ ਦਫਤਰ ਨਹੀਂ ਛੱਡਣਾ ਪਿਆ ਹੈ। ਸਾਲ 1868 'ਚ ਐਂਡ੍ਰਿਊ ਜਾਨਸਨ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਸਨ ਜਿਨ੍ਹਾਂ 'ਤੇ ਮਹਾਦੋਸ਼ ਚਲਾਇਆ ਗਿਆ ਸੀ। ਸਾਲ 1998 'ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਰਹੇ ਬਿਲ ਕਲਿੰਟਨ ਨੂੰ ਵ੍ਹਾਈਟ ਹਾਊਸ ਇੰਟਰਨ ਲੇਂਵਿਸਕੀ ਦੇ ਨਾਲ ਅਫੇਅਰ ਕਾਰਨ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਸਾਲ 1999 'ਚ ਸੈਨੇਟ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਰੀ ਹੋ ਗਏ ਸਨ।