ਪੰਜਾਬ ''ਚ ਡੇਂਗੂ ਮੱਛਰ ਦਿਨ-ਬ-ਦਿਨ ਫੜ੍ਹ ਰਿਹਾ ਰਫ਼ਤਾਰ, ਸਿਹਤ ਵਿਭਾਗ ਨੇ ਕੱਸੀ ਕਮਰ
Monday, Jul 21, 2025 - 11:17 AM (IST)

ਤਰਨਤਾਰਨ (ਰਮਨ ਚਾਵਲਾ)-ਜ਼ਿਲ੍ਹੇ ਭਰ 'ਚ ਡੇਂਗੂ ਬੁਖਾਰ ਅਤੇ ਪਲੇਟਲੈਟਸ ਦੀ ਘਾਟ ਵਾਲੇ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ, ਜਿਸ ਕਾਰਨ ਮਰੀਜ਼ਾਂ ਦੀ ਹਸਪਤਾਲਾਂ ’ਚ ਭੀੜ ਵੱਧਣੀ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਸਰਕਾਰੀ ਲੈਬਾਰਟਰੀ ਦੇ ਆਂਕੜਿਆਂ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ 18 ਹੋ ਚੁੱਕੀ ਹੈ ਜਦਕਿ ਪ੍ਰਾਈਵੇਟ ਲੈਬਾਰਟਰੀ ਅਨੁਸਾਰ ਡੇਂਗੂ ਅਤੇ ਪਲੇਟਲੈਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ’ਚ ਵੀ ਕਾਫੀ ਵਾਧਾ ਹੋਣ ਲੱਗ ਪਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਸ ਲਾਈਨ, ਬੱਸ ਸਟੈਂਡ ਅਤੇ ਹੋਰ ਥਾਵਾਂ ਉਪਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਦੋ ਹੋਟਲਾਂ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ 18 ਔਰਤਾਂ ਤੇ 9 ਵਿਅਕਤੀ ਫੜੇ
ਜ਼ਿਲ੍ਹੇ ’ਚ ਡੇਂਗੂ ਮੱਛਰ ਅਤੇ ਪਲੇਟਲੈਟਸ ਸੈਲ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਸੈਂਕੜੇ ਤੋਂ ਉਪਰ ਪੁੱਜਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਡੇਂਗੂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ, ਜਿਸ ਕਾਰਨ ਘਰ-ਘਰ ਤੇਜ਼ ਬੁਖਾਰ ਦੇ ਸ਼ਿਕਾਰ ਮਰੀਜ਼ ਪਾਏ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਘਰਾਂ ’ਚ ਜਾ ਸਾਫ-ਸਫਾਈ ਰੱਖਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ : ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀ ਛਿੱਤਰ-ਪਰੇਡ ਕਰ ਕੇ ਕੱਢਿਆ ਪਿਆਰ ਦਾ ਭੂਤ, ਮਾਮਲਾ ਕਰੇਗਾ ਹੈਰਾਨ
ਜ਼ਿਲ੍ਹਾ ਐਪੀਡੋਮਾਈਲੋਜਿਸਟ ਅਫਸਰ ਡਾ. ਰਾਘਵ ਗੁਪਤਾ ਨੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਭੁੱਖ ਨਾ ਲੱਗਣ ਦੀ ਸੂਰਤ ''ਚ ਮਾਹਿਰ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਜਿਸ ਤੋਂ ਬਾਅਦ ਸਰਕਾਰੀ ਲੈਬਾਰਟਰੀ ਤੋਂ ਸਹੀ ਅਤੇ ਮੁਫਤ ਜਾਂਚ ਕਰਵਾਉਣ ਉਪਰੰਤ ਹੀ ਡੇਂਗੂ ਦੀ ਪੁਸ਼ਟੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਪੁਲਸ ਲਾਈਨ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ਉਪਰ ਵਿਸ਼ੇਸ਼ ਮੁਹਿੰਮ ਸ਼ੁਰੂ ਕਰਦੇ ਹੋਏ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਪੁਲਸ ਲਾਈਨ ਅਤੇ ਹੋਰ ਥਾਵਾਂ ਤੋਂ ਖੜ੍ਹੇ ਪਾਣੀ ਦੀ ਜਾਂਚ ਕਰਦੇ ਹੋਏ ਐਂਟੀ ਮਲੇਰੀਆ ਦਵਾਈ ਦਾ ਛਿੜਕਾ ਕੀਤਾ ਗਿਆ।
ਇਸ ਮੌਕੇ ਪੁਲਸ ਕਰਮਚਾਰੀਆਂ ਨੂੰ ਵੀ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਅੰਦਰ ਡੇਂਗੂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ 18 ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਲੋਕਾਂ ਨੂੰ ਘਰ-ਘਰ ਜਾ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵੱਲੋਂ ਇਕ ਮੁਹਿੰਮ ਸ਼ੁਰੂ ਕਰਦੇ ਹੋਏ ਡੇਂਗੂ ਮੱਛਰ ਦੇ ਲਾਰਵਾ ਮਿਲਣ ਤਹਿਤ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਪੀਡਿਮੋਲੋਜਿਸਟ ਦੀ ਅਗਵਾਈ ਹੇਠ ਟੀਮ ਵੱਲੋਂ ਸਾਰੇ ਦਫਤਰਾਂ ''ਚ ਕੂਲਰ, ਘਰਾਂ, ਫਰਿੱਜਾਂ ਆਦਿ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਅੰਦਰ ਦਫਤਰਾਂ ਤੇ ਜਨਤਕ ਥਾਵਾਂ ਉਪਰ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਐਂਟੀ ਲਾਰਵਾ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਹੋਏ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ, ਮਲੇਰੀਆ,ਚਿਕਨਗੁਨੀਆ ਆਦਿ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜਿੱਥੇ ਲਾਰਵਾ ਪਾਇਆ ਗਿਆ, ਉਥੇ ਉਸ ਨੂੰ ਮੌਕੇ ''ਤੇ ਨਸ਼ਟ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8