ਪੰਜਾਬ : ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਦਾਦੇ ਵੱਲੋਂ ਪੁੱਤ ਦਾ ਕਤਲ
Friday, Jul 25, 2025 - 06:30 PM (IST)

ਨਾਭਾ (ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਮੱਲੇਵਾਲ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿਓ ਵੱਲੋਂ ਆਪਣੇ ਪੁੱਤ ਜਗਪਾਲ ਸਿੰਘ (35) ਦਾ ਕਹੀ ਦੇ ਕਈ ਵਾਰ ਸਿਰ 'ਤੇ ਕਰਕੇ ਉਸ ਦਾ ਕਤਲ ਕਰ ਦਿੱਤਾ। ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਪਿਓ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਘਰ ਵਿਚ ਪਏ ਪੱਖੇ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ। ਜਿਸ ਮਗਰੋਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਪਿਓ ਨੇ ਸੁੱਤੇ ਪਏ ਪੁੱਤ 'ਤੇ ਕਹੀ ਨਾਲ ਹਮਲਾ ਕਰ ਦਿੱਤਾ। ਪੀੜਤ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਭਾਦਸੋਂ ਪੁਲਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਮੁਲਜ਼ਮ ਪਿਤਾ ਮਲਕੀਤ ਸਿੰਘ ਖ਼ਿਲਾਫ 302 ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਘਟਨਾ, ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗਲ ਲੱਗ ਛੱਡੇ ਸਾਹ
ਜਾਣਕਾਰੀ ਮੁਤਾਬਕ ਪਿੰਡ ਮੱਲੇਵਾਲ ਵਿਚ ਪੋਤੇ ਦਾ ਜਨਮਦਿਨ ਮਨਾਉਣ ਮੌਕੇ ਵਿਹੜੇ ਵਿਚ ਦਾਤੀ ਫਰਾ ਪੱਖਾ ਲੱਗਾ ਸੀ। ਦਾਤੀ ਫਰਾ ਪੱਖੇ ਦੇ ਆਲੇ ਦੁਆਲੇ ਜਾਲ਼ੀ ਨਹੀਂ ਲੱਗੀ ਸੀ ਪੁੱਤ ਨੇ ਪਿਤਾ ਨੂੰ ਕਿਹਾ ਕਿ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਹੈ ਤਾਂ ਪੱਖਾ ਬੰਦ ਕਰਕੇ ਜਾਇਆ ਕਰੋ ਕਿਉਂਕਿ ਬੱਚੇ ਪੱਖੇ ਵਿਚ ਹੱਥ ਨਾ ਦੇ ਦੇਣ। ਇਸ ਗੱਲ ਨੂੰ ਲੈ ਕੇ ਤੇ ਪਿਓ ਪੁੱਤ ਵਿਚ ਲੜਾਈ ਹੋ ਗਈ ਅਤੇ ਰਾਤ ਨੂੰ ਉਹ ਆਪੋ-ਆਪਣੇ ਕਮਰੇ ਵਿਚ ਸੌਂ ਗਏ ਪਰ ਪਿਤਾ ਨੇ ਰਾਤ ਨੂੰ ਉੱਠ ਕੇ ਆਪਣੇ ਪੁੱਤਰ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਦੇ ਸਿਰ 'ਤੇ ਕਹੀ ਦੇ ਕਈ ਵਾਰ ਕੀਤੇ। ਉਧਰ ਭਾਦਸੋਂ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।