11ਵੀਂ ’ਚ ਦਾਖ਼ਲੇ ਲਈ ਸਕੂਲ ਤੇ ਸਟ੍ਰੀਮ ਬਦਲਣ ਲਈ ਅਰਜ਼ੀ ਪ੍ਰਕਿਰਿਆ ਭਲਕੇ ਤੋਂ ਸ਼ੁਰੂ
Monday, Jul 21, 2025 - 11:37 AM (IST)

ਚੰਡੀਗੜ੍ਹ (ਸ਼ੀਨਾ) : ਸ਼ਹਿਰ ਦੇ ਸਰਕਾਰੀ ਸਕੂਲਾਂ ’ਚ 11ਵੀਂ ਜਮਾਤ ’ਚ ਦਾਖ਼ਲੇ ਲਈ ਦੂਜੀ ਕੌਂਸਲਿੰਗ ’ਚ ਬੱਚਿਆਂ ਲਈ ਆਪਣਾ ਅਰਜ਼ੀ ਫਾਰਮ ਜਾਂ ਸਕੂਲ ਅਤੇ ਸਟ੍ਰੀਮ ਬਦਲਣ ਲਈ ਅਰਜ਼ੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਆਖ਼ਰੀ ਤਾਰੀਖ਼ 25 ਜੁਲਾਈ ਅੱਧੀ ਰਾਤ ਤੱਕ ਹੈ। ਸਿੱਖਿਆ ਵਿਭਾਗ ਵੱਲੋਂ ਦੂਜੀ ਕੌਂਸਲਿੰਗ ’ਚ 11ਵੀਂ ਜਮਾਤ ’ਚ ਖ਼ਾਲੀ ਸੀਟਾਂ ’ਤੇ ਦਾਖ਼ਲਾ ਦਿੱਤਾ ਜਾਵੇਗਾ। ਆਪਣੇ ਫਾਰਮਾਂ ’ਚ ਸਕੂਲ ਅਤੇ ਸਟ੍ਰੀਮ ਬਦਲਣ ਤੋਂ ਇਲਾਵਾ, ਉਹ ਬੱਚੇ ਵੀ ਅਰਜ਼ੀ ਦੇ ਸਕਦੇ ਹਨ, ਜਿਨ੍ਹਾਂ ਨੂੰ 22 ਜੁਲਾਈ ਦੀ ਅੱਧੀ ਰਾਤ 12 ਵਜੇ ਤੱਕ ਕਿਤੇ ਵੀ ਸਕੂਲ ਅਲਾਟ ਨਹੀਂ ਕੀਤਾ ਗਿਆ ਹੈ।
25 ਜੁਲਾਈ ਨੂੰ ਬੱਚਿਆਂ ਨੂੰ ਸਕੂਲ ਅਲਾਟ ਕੀਤੇ ਜਾਣਗੇ। ਨਵੇਂ ਬਿਨੈਕਾਰਾਂ ਅਪਲਾਈ ਕਰਨ ਲਈ 250 ਰੁਪਏ ਦੀ ਰਜਿਸਟ੍ਰੇਸ਼ਨ ਫ਼ੀਸ ਦੇਣੀ ਪਵੇਗੀ। ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲੀ ਕੌਂਸਲਿੰਗ ’ਚ ਸਕੂਲ ਤੇ ਸਟ੍ਰੀਮ ਅਲਾਟ ਕੀਤਾ ਗਿਆ ਹੈ ਤੇ ਉਹ ਸਕੂਲ ਜਾਂ ਸਟ੍ਰੀਮ ਪਸੰਦ ਜਾਂ ਦੋਵੇਂ ਬਦਲਣਾ ਚਾਹੁੰਦੇ ਹਨ, ਉਹ ਵੀ 150 ਰੁਪਏ ਦੀ ਮਾਈਗ੍ਰੇਸ਼ਨ ਫੀਸ ਦੇ ਕੇ ਦੂਜੀ ਕੌਂਸਲਿੰਗ ’ਚ ਅਰਜ਼ੀ ਦੇਣ ਦੇ ਯੋਗ ਹਨ।
ਅਜਿਹੇ ਉਮੀਦਵਾਰ ਦਾ ਉਸਦੀ ਪਹਿਲਾਂ ਅਲਾਟ ਕੀਤੀ ਗਈ ਸੀਟ ’ਤੇ ਕੋਈ ਅਧਿਕਾਰ ਨਹੀਂ ਹੋਵੇਗਾ। ਜੇਕਰ ਕਿਸੇ ਵੀ ਵਿਦਿਆਰਥੀ, ਜਿਸ ਨੇ ਸਰਕਾਰੀ ਸਕੂਲ ਤੋਂ 10ਵੀਂ ਪਾਸ ਕੀਤੀ ਹੈ, ਨੂੰ ਸੀਟ ਨਹੀਂ ਮਿਲੀ ਹੈ, ਤਾਂ ਉਸ ਨੂੰ ਤਰਜ਼ੀਹ ਦੇ ਆਧਾਰ ’ਤੇ ਸੀਟ ਅਲਾਟ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਜਿਨ੍ਹਾਂ ਉਮੀਦਵਾਰਾਂ ਨੇ ਪਹਿਲੇ ਦੌਰ ’ਚ ਦਾਖ਼ਲਾ ਫ਼ੀਸ ਜਮ੍ਹਾਂ ਨਹੀਂ ਕਰਵਾਈ, ਉਹ ਕੌਂਸਲਿੰਗ ਦੇ ਦੂਜੇ ਦੌਰ ’ਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ।