ਮੋਗਾ ਦੇ ਬੁੱਘੀਪੁਰਾ ਦੀ ਨਹਿਰ ''ਚ ਰੁੜੇ ਨੌਜਵਾਨ ਦੀ 4 ਦਿਨ ਬਾਅਦ ਮਿਲੀ ਲਾਸ਼

Saturday, Jul 26, 2025 - 06:23 PM (IST)

ਮੋਗਾ ਦੇ ਬੁੱਘੀਪੁਰਾ ਦੀ ਨਹਿਰ ''ਚ ਰੁੜੇ ਨੌਜਵਾਨ ਦੀ 4 ਦਿਨ ਬਾਅਦ ਮਿਲੀ ਲਾਸ਼

ਮੋਗਾ/ਜ਼ੀਰਾ (ਕਸ਼ਿਸ਼, ਰਾਜੇਸ਼ ਢੰਡ, ਮਨਜੀਤ ਢਿੱਲੋਂ) : ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚੋਂ ਲੰਘ ਰਹੇ ਕਾਰ ਸਵਾਰ ਜ਼ੀਰਾ ਦੇ 2 ਨੌਜਵਾਨਾਂ ਵਿਚੋਂ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿਚ ਰੁੜ ਗਿਆ ਸੀ, ਜਿਸ ਦੀ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਅੱਜ ਚਾਰ ਦਿਨਾਂ ਬਾਅਦ ਬਰਾਮਦ ਕਰ ਲਈ ਗਈ ਹੈ। ਇਸ ਘਟਨਾ ਨਾਲ ਜ਼ੀਰਾ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਰਨ ਬਾਵਾ (27) ਪੁੱਤਰ ਭੂਸ਼ਨ ਬਾਵਾ ਵਾਸੀ ਜ਼ੀਰਾ ਜੋ ਕਿ ਆਪਣੇ ਦੁਕਾਨ ਦੇ ਮੁਲਾਜ਼ਮ ਬੀਰਾ ਦੇ ਨਾਲ ਮਿਤੀ 23 ਜੁਲਾਈ ਨੂੰ ਕਿਸੇ ਕੰਮ ਲਈ ਕਾਰ ਵਿਚ ਸਵਾਰ ਹੋ ਕੇ ਜ਼ੀਰਾ ਤੋਂ ਲੁਧਿਆਣਾ ਜਾ ਰਹੇ ਸਨ ਕਿ ਜਦ ਉਹ ਮੋਗਾ ਦੇ ਪਿੰਡ ਬੁੱਘੀਪੁਰਾ ਕੋਲੋਂ ਲੰਘ ਰਹੇ ਸਨ ਤਾਂ ਤੇਜ਼ ਬਾਰਿਸ਼ ਦੇ ਚੱਲਦਿਆਂ ਨਹਿਰ ਦੇ ਪੁੱਲ ਉੱਪਰ ਪਾਣੀ ਆਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਨਹਿਰ ਦਾ ਪਤਾ ਨਹੀਂ ਲੱਗਿਆ ਅਤੇ ਉਨ੍ਹਾਂ ਦੀ ਕਾਰ ਬੁੱਘੀਪੁਰਾ ਨਹਿਰ ਵਿਚ ਡਿੱਗੀ ਗਈ। 

ਇਸ ਉਪਰੰਤ ਨੌਜਵਾਨ ਕਰਨ ਵੱਲੋਂ ਮੁਲਾਜ਼ਮ ਬੀਰੇ ਨੂੰ ਕਾਰ ਦੀ ਬਾਰੀ ਵਿਚੋਂ ਦੀ ਬਾਹਰ ਕੱਢ ਦਿੱਤਾ ਗਿਆ ਅਤੇ ਜਦ ਆਪ ਕਾਰ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਨੌਜਵਾਨ ਕਰਨ ਕਾਰ ਸਮੇਤ ਪਾਣੀ ਵਿਚ ਰੁੜ ਗਿਆ, ਜਿਸ ਉਪਰੰਤ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਨਹਿਰ ਵਿਚ ਰੁੜੇ ਕਰਨ ਦੀ ਭਾਲ ਲਈ ਲਗਾਤਾਰ ਯਤਨ ਜਾਰੀ ਸਨ। ਇਸ ਉਪਰੰਤ ਅੱਜ ਗੋਤਾਖੋਰਾਂ ਦੀ ਮਦਦ ਨਾਲ ਕਰਨ ਦੀ ਲਾਸ਼ ਬੁੱਘੀਪੁਰਾ ਨਹਿਰ ਦੇ ਨਾਲ ਛੱਪੜ ਵਿਚੋਂ ਮਿਲੀ, ਜਿਸ ਦਾ ਪੋਸਟਮਾਰਟਮ ਅਤੇ ਹੋਰ ਕਾਰਵਾਈ ਅਮਲ ਵਿਚ ਲਿਆਉਣ ਉਪਰੰਤ ਪ੍ਰਸ਼ਾਸਨ ਵੱਲੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਦਾ ਅੱਜ ਜ਼ੀਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


author

Gurminder Singh

Content Editor

Related News