ਜਦੋਂ ਖਾਲਸਾਈ ਰੰਗ ''ਚ ਰੰਗਿਆ ਗਿਆ ਇਟਲੀ ਦਾ ਸ਼ਹਿਰ ਅਪ੍ਰੀਲੀਆ
Monday, May 30, 2022 - 04:04 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਇਟਲੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਸਜਾਏ ਗਏ ਅਤੇ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ, ਜਿਸ ਨੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਚੋਂ ਲੰਘਦਿਆਂ ਹੋਇਆਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਾਰਕ ਵਿਖੇ ਪਹੁੰਚ ਕੇ ਪੜਾਅ ਸਜਾਇਆ।
ਇਸ ਮੌਕੇ ਭਾਈ ਸਤਨਾਮ ਸਿੰਘ ਸਰਹਾਲੀ ਦਾ ਕਵੀਸ਼ਰੀ ਜਥਾ ਅਤੇ ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਕੀਰਤਨੀਏ ਜਥੇ ਵਲੋਂ ਸਮੂਹ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਗੱਤਕੇ ਦੇ ਜਾਹੋ ਜਲੋਹ ਦਿਖਾਏ ਗਏ। ਗੁਰਦੁਆਰਾ ਸਾਹਿਬ ਵਲੋਂ ਸਜਾਏ ਗਏ ਇਸ ਵਿਸ਼ਾਲ ਪਹਿਲੇ ਨਗਰ ਕੀਰਤਨ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਖ ਵੱਖ ਕਾਰੋਬਾਰੀ ਅਦਾਰਿਆਂ, ਇਲਾਕੇ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰੰਬਧਕ ਕਮੇਟੀਆਂ ਵਲੋਂ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਗਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਵਿੱਚ ਸੇਵਾਵਾਂ ਕਰਨ ਵਾਲੀਆ ਸੰਗਤਾਂ, ਸੇਵਾਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਗੁਰੂ ਅਮਰ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਿਨਸਿਨਾਟੀ ਵਿਖੇ ਸਜੇ ਵਿਸ਼ੇਸ਼ ਦੀਵਾਨ (ਤਸਵੀਰਾਂ)
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਲੋਂ ਨਗਰ ਕੀਰਤਨ ਵਿੱਚ ਦੂਰੋਂ ਨੇੜਿਓਂ ਪਹੁੰਚਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਗਿਆ। ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਕੀਤੀ ਗਈ। ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਨਵਾਂ ਗੁਰੂ ਘਰ ਲੱਗਭਗ ਦੋ ਕੁ ਸਾਲ ਪਹਿਲਾਂ ਸਥਾਪਤ ਕੀਤਾ ਗਿਆ ਸੀ ਅਤੇ ਇਸ ਸਾਲ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਦੂਰੋਂ ਨੇੜਿਓਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ।