ਕੈਨੇਡਾ ਸਰਕਾਰ ਨੇ ਇਸ ਵੀਜ਼ੇ 'ਤੇ ਗਏ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Tuesday, Aug 25, 2020 - 03:45 PM (IST)

ਓਟਾਵਾ- ਕੈਨੇਡਾ ਵਿਚ ਜਿਹੜੇ ਲੋਕ ਵਿਜ਼ਟਰ ਵੀਜ਼ੇ 'ਤੇ ਗਏ ਹਨ, ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ। ਇਮੀਗ੍ਰੇਸ਼ਨ, ਰਫਿਊਜੀ ਅਤੇ ਕੈਨੇਡੀਅਨ ਨਾਗਰਿਕ (ਆਈ. ਆਰ. ਸੀ. ਸੀ.) ਵਲੋਂ ਮੀਡੀਆ ਵਿਚ ਇਹ ਰਲੀਜ਼ ਜਾਰੀ ਕੀਤੀ ਗਈ ਹੈ ਕਿ ਅਸਥਾਈ ਵਸਨੀਕ ਜੋ ਪਹਿਲਾਂ ਹੀ ਨੌਕਰੀ ਦੀ ਪੇਸ਼ਕਸ਼ ਨਾਲ ਕੈਨੇਡਾ ਵਿਚ ਹਨ, ਉਹ ਕੰਮ ਕਰ ਸਕਦੇ ਹਨ ਪਰ ਇਹ ਨਿਯਮ 24 ਅਗਸਤ ਤੋਂ ਬਾਅਦ ਆਉਣ ਵਾਲੇ ਯਾਤਰੀਆਂ ਲਈ ਨਹੀਂ ਹੋਵੇਗਾ। ਇਸ ਸਮੇਂ ਕੈਨੇਡਾ ਵਿਚ ਮੌਜੂਦ ਕੌਮਾਂਤਰੀ ਯਾਤਰੀ ਜਾਂ ਸੈਲਾਨੀ ਜੇਕਰ ਕੰਮ ਕਰਨਾ ਚਾਹੁੰਦੇ ਹਨ, ਤਾਂ ਉਹ ਬਿਨਾਂ ਦੇਸ਼ ਛੱਡੇ ਇਸ ਲਈ ਅਪਲਾਈ ਕਰਕੇ ਕੰਮ ਕਰ ਸਕਦੇ ਹਨ। 

ਇਸ ਦੇ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਕੋਲ ਆਫਰ ਲੈਟਰ ਹੋਵੇ ਤੇ ਬਾਕੀ ਆਮ ਸ਼ਰਤਾਂ ਜੋ ਪਹਿਲਾਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ, ਮੰਨੀਆਂ ਜਾਣ। ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਤੋਂ ਬਹੁਤ ਘੱਟ ਲੋਕ ਕੈਨੇਡਾ ਆ ਰਹੇ ਹਨ, ਅਜਿਹੇ ਵਿਚ ਖੇਤਾਂ, ਫਾਰਮਾਂ ਤੇ ਹੋਰ ਕਈ ਥਾਵਾਂ 'ਤੇ ਕਾਮਿਆਂ ਦੀ ਘਾਟ ਹੈ। ਇਸ ਲਈ ਕੈਨੇਡਾ ਸਰਕਾਰ ਨੇ ਉੱਥੇ ਮੌਜੂਦ ਵਿਜ਼ਟਰਾਂ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਉਹ ਇੱਥੇ ਕੰਮ ਕਰ ਸਕਦੇ ਹਨ। 

ਨਵਾਂ ਪ੍ਰੋਗਰਾਮ ਸਿਰਫ਼ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਇਸ ਸਮੇਂ ਕੈਨੇਡਾ 'ਚ ਹਨ ਅਤੇ ਉਨ੍ਹਾਂ ਦੇ ਇੱਥੇ ਰਹਿਣ ਦੀ ਮਿਆਦ ਖ਼ਤਮ ਨਹੀਂ ਹੋਈ। ਸਪੱਸ਼ਟ ਕੀਤਾ ਗਿਆ ਹੈ ਕਿ 24 ਅਗਸਤ ਤੋਂ ਬਾਅਦ ਕੈਨੇਡਾ ਪੁੱਜਣ ਵਾਲੇ ਸੈਲਾਨੀ ਇਹ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਜਿਹੜੇ ਲੋਕ ਕੋਰੋਨਾ ਕਾਰਨ ਵਿਸ਼ੇਸ਼ ਉਡਾਣਾਂ ਰਾਹੀਂ ਪਹਿਲਾਂ ਹੀ ਕੈਨੇਡਾ ਛੱਡ ਕੇ ਆਪਣੇ ਦੇਸ਼ਾਂ ਨੂੰ ਚਲੇ ਗਏ ਹਨ ਅਤੇ ਭਾਵੇਂ ਹੀ ਉਨ੍ਹਾਂ ਦੇ ਵੀਜ਼ੇ ਦੀ ਅਜੇ ਮਿਆਦ  ਹੋਵੇ, ਉਹ ਵੀ ਵਾਪਸ ਆ ਕੇ ਅਜੇ ਵਰਕ ਪਰਮਿਟ ਨਹੀਂ ਲੈ ਸਕਦੇ। ਵਰਕ ਪਰਮਿਟ ਦੀ ਅਰਜ਼ੀ ਨਾਲ 'ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ' (ਐੱਲ. ਐੱਮ. ਆਈ. ਏ.) ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਡੀਕਲ ਅਤੇ ਸੁਰੱਖਿਆ ਜਾਂਚ 'ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ।

ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਵਿਜ਼ਟਰ ਨਵੀਂ ਅਸਥਾਈ ਇਮੀਗ੍ਰੇਸ਼ਨ ਨੀਤੀ ਲਈ ਅਰਜ਼ੀ ਦੇ ਸਕਦੇ ਹਨ, ਜਿਸ ਵਿਚ ਸੁਪਰ ਵੀਜ਼ਾ ਧਾਰਕ, ਕਾਰੋਬਾਰੀ ਵਿਜ਼ਟਰ ਅਤੇ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਗਲੋਬਲ ਸਕਿੱਲ ਸਟੈਟਰਜੀ ਵਰਕ ਪਰਮਿਟ ਛੋਟ ਰਾਹੀਂ ਕੈਨੇਡਾ ਆਏ ਸਨ। ਬਹੁਤੇ ਲੋਕਾਂ ਦੀ ਮੰਗ ਹੈ ਕਿ ਵਰਕ ਪਰਮਿਟ ਵਾਲਿਆਂ ਨੂੰ ਹੀ ਪੱਕੇ ਕਰ ਦਿੱਤਾ ਜਾਵੇ ਅਤੇ ਕਈ ਲੋਕ ਇਸ ਲਈ ਪਟੀਸ਼ਨਾਂ ਵੀ ਪਾ ਰਹੇ ਹਨ। ਅਜਿਹਾ ਹੁੰਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। 


Lalita Mam

Content Editor

Related News