ਮੁੱਖ ਮੰਤਰੀ ਭਗਵੰਤ ਮਾਨ ''ਤੇ ਬਿਕਰਮ ਮਜੀਠੀਆ ਦਾ ਤੰਜ, ਆਖ ਦਿੱਤੀ ਵੱਡੀ ਗੱਲ

Friday, Mar 13, 2026 - 03:02 PM (IST)

ਮੁੱਖ ਮੰਤਰੀ ਭਗਵੰਤ ਮਾਨ ''ਤੇ ਬਿਕਰਮ ਮਜੀਠੀਆ ਦਾ ਤੰਜ, ਆਖ ਦਿੱਤੀ ਵੱਡੀ ਗੱਲ

ਗੁਰਦਾਸਪੁਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤੰਜ ਕੱਸਦਿਆਂ ਆਖਿਆ ਕਿ ਉਹ ਮੁਰਗੀਖ਼ਾਨਾ ਕਿਉਂ ਨਹੀਂ ਖੋਲ੍ਹ ਲੈਂਦਾ? ਮਜੀਠੀਆ ਨੇ ਮਾਨ ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦਿਆਂ ਆਖਿਆ ਕਿ ਪਹਿਲਾਂ ਉਹ ਲੀਡਰਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦਿਆਂ ਕਹਿੰਦੇ ਹੁੰਦੇ ਸਨ ਕਿ ਜਿਸ ਨੂੰ ਇੰਨਾ ਖ਼ਤਰਾ ਹੈ ਤਾਂ ਉਹ ਮੁਰਗੀਖ਼ਾਨਾ ਖੋਲ੍ਹ ਲੈਣ। ਉਨ੍ਹਾਂ ਆਖਿਆ ਕਿ ਅੱਜ ਸਭ ਤੋਂ ਵੱਧ ਪੁਲਸ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਚ ਲੱਗੀ ਹੋਈ ਹੈ, ਹੁਣ ਉਹ ਆਪ ਮੁਰਗੀਖ਼ਾਨਾ ਕਿਉਂ ਨਹੀਂ ਖੋਲ੍ਹ ਲੈਂਦੇ। ਉਨ੍ਹਾਂ ਆਖਿਆ ਕਿ ਅੱਜ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਨਾਲ ਹੈਲੀਕਾਪਟਰ ਵਿਚ ਘੁੰਮ ਰਿਹਾ ਹੈ। 

ਇਸ ਦੇ ਨਾਲ ਹੀ ਉਨ੍ਹਾਂ ਵੱਡਾ ਦੋਸ਼ ਲਗਾਉਂਦਿਆਂ ਆਖਿਆ ਕਿ ਅੱਜ ਸਭ ਤੋਂ ਵੱਡੇ ਰਾਸ਼ਨ ਘਪਲੇ ਦਾ ਬਾਦਸ਼ਾਹ ਭਗਵੰਤ ਮਾਨ ਨਿਕਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਆਉਣ ਵਾਲੇ ਰਾਸ਼ਨ ਦੀ ਜਾਂਚ ਕਰਵਾਈ ਜਾਵੇ ਤਾਂ ਇਸ ਵਿਚ ਘੱਟੋ-ਘੱਟ 1500 ਤੋਂ 2000 ਕਰੋੜ ਦੀ ਗੜਬੜੀ ਨਿਕਲ ਸਕਦੀ ਹੈ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੇ ਵੇਰਕਾ ਤੋਂ ਇਹ ਕੰਮ ਖੋਹ ਕੇ ਬਲੈਕਲਿਸਟਡ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ, ਜਿਨ੍ਹਾਂ ਨੇ ਘਟੀਆ ਸਾਮਾਨ ਭੇਜ ਕੇ ਕਰੋੜਾਂ ਰੁਪਏ ਦਾ ਬਿੱਲ ਬਣਵਾ ਦਿੱਤਾ। 

ਮਜੀਠੀਆ ਦੋਸ਼ ਲਗਾਇਆ ਕਿ ਇਨ੍ਹਾਂ ਨੇ ਮਾਘੀ ਮੇਲੇ 'ਤੇ ਦਿੱਲੀ ਵਾਲਿਆਂ ਤੋਂ ਇਕ ਪ੍ਰੋਗਰਾਮ ਲਈ ਸਾਢੇ 4 ਕਰੋੜ ਰੁਪਏ ਦਾ ਟੈਂਟ ਲਵਾ ਦਿੱਤਾ। ਇਸ ਪ੍ਰੋਗਰਾਮ ਦੌਰਾਨ 70 ਲੱਖ ਦੀ ਰੋਟੀ ਹੀ ਖੁਆ ਦਿੱਤੀ, ਜਿਸ ਵਿਚ 2500 ਰੁਪਏ ਪਰ ਪਲੇਟ ਦੇ ਹਿਸਾਬ ਨਾਲ ਖਰਚਾ ਪਾਇਆ ਗਿਆ। ਮਜੀਠੀਆ ਨੇ ਦੋਸ਼ ਲਗਾਇਆ ਕਿ ਇਹ ਤਾਂ ਗੁਰੂ ਘਰ ਦੇ ਪ੍ਰੋਗਰਾਮ ਵਿਚ ਵੀ ਲੁੱਟ ਪਾ ਕੇ ਚਲੇ ਗਏ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਨੂੰ ਕਾਲੇ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਇਕ ਕੁਰਸੀ ਪਿੱਛੇ ਪੰਜਾਬ ਦੇ ਸਾਰੇ ਹਿੱਤ ਵੇਚਣ ਨੂੰ ਤਿਆਰ ਹੋ ਗਿਆ। ਇਨ੍ਹਾਂ ਪੰਜਾਬ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ, ਇਹ ਕਰਜ਼ਾ ਭਗਵੰਤ ਮਾਨ ਨੇ ਨਹੀਂ ਸਗੋਂ ਪੰਜਾਬੀਆਂ ਨੂੰ ਹੀ ਮੋੜਣਾ ਪਵੇਗਾ। 

ਅਕਾਲੀ ਆਗੂ ਨੇ ਅੱਗੇ ਆਖਿਆ ਕਿ ਭਗਵੰਤ ਮਾਨ ਦੀਆਂ ਟਿੱਪਣੀਆਂ ਨਾਲ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਉਨ੍ਹਾਂ ਆਖਿਆ ਕਿ ਸਾਡੀਆਂ ਧੀਆਂ-ਭੈਣਾਂ ਵੀ ਇਨ੍ਹਾਂ ਸਕੂਲਾਂ-ਕਾਲਜਾਂ ਵਿਚ ਹੀ ਪੜ੍ਹਣ ਜਾਂਦੀਆਂ ਹਨ। ਇਹ ਗੱਲਾਂ ਮੁੱਖ ਮੰਤਰੀ ਨੂੰ ਸੋਭਦੀਆਂ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਬਿਆਨਬਾਜ਼ੀਆਂ ਲਈ ਮੁੱਖ ਮੰਤਰੀ ਮਾਨ ਦੇ ਖ਼ਿਲਾਫ਼ ਮੋਰਚੇ ਲਾਉਣ ਦੀ ਅਪੀਲ ਵੀ ਕੀਤੀ। 


author

Anmol Tagra

Content Editor

Related News