ਅਮਰੀਕਾ : ਪਤਨੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ, ਪਤੀ ਨੂੰ ਹੋਈ 30 ਸਾਲ ਦੀ ਸਜ਼ਾ
Saturday, Jun 05, 2021 - 12:39 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਯੂਟਾ ’ਚ ਆਪਣੀ ਪਤਨੀ ਨੂੰ ਅਲਾਸਕਾ ਸ਼ਿਪ ’ਤੇ ਕੁੱਟਮਾਰ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਵੀਰਵਾਰ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਥ ਮੰਜਨੇਰਸ ਨਾਂ ਦੇ ਵਿਅਕਤੀ ਨੂੰ ਪਿਛਲੇ ਸਾਲ ਉਸ ਦੀ ਪਤਨੀ ਕ੍ਰਿਸਟੀ ਮੰਜਨੇਰਸ ਦੀ ਮੌਤ ’ਚ ਦੂਜੀ ਡਿਗਰੀ ਕਤਲ ਲਈ ਦੋਸ਼ੀ ਮੰਨਿਆ ਗਿਆ ਸੀ। ਅਦਾਲਤ ’ਚ ਮੰਜਨੇਰਸ ਦੇ ਅਟਾਰਨੀ ਨੇ ਕਿਹਾ ਕਿ ਉਸ ਨੂੰ ਦਿਮਾਗੀ ਤੌਰ ’ਤੇ ਸਮੱਸਿਆਵਾਂ ਸਨ, ਜਿਸ ਕਰਕੇ ਉਸ ਸਮੇਂ ਦਵਾਈ ਅਤੇ ਅਲਕੋਹਲ ਦੇ ਨਤੀਜੇ ਵਜੋਂ ਇਹ ਹਿੰਸਾ ਘਟਨਾ ਵਾਪਰੀ ਪਰ ਜੱਜ ਟਿਮੋਥੀ ਬਰਗੇਸ ਨੇ ਮੰਜਨੇਰਸ ਦੇ ਦੋਸ਼ੀ ਹੋਣ ਬਾਰੇ ਸਬੂਤਾਂ ਦੇ ਆਧਾਰ ’ਤੇ ਉਸ ਨੂੰ ਇਹ ਸਜ਼ਾ ਸੁਣਾਈ।
ਇਸ ਮਾਮਲੇ ’ਚ ਕਤਲ ਦੀ ਰਾਤ ਸਮੁੰਦਰੀ ਜਹਾਜ਼ ’ਚ ਇਸ ਜੋੜੇ ਦਰਮਿਆਨ ਤਲਾਕ ਦੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਕੈਨੇਥ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ ਸੀ। ਜੱਜ ਬਰਗੇਸ ਨੇ ਕਿਹਾ ਕਿ ਕ੍ਰਿਸਟੀ ਮੰਜਨੇਰਸ ਦੀ ਜ਼ਿੰਦਗੀ ਉਸ ਦੇ ਪਤੀ ਵੱਲੋਂ ਭਿਆਨਕ ਰੂਪ ਨਾਲ ਖ਼ਤਮ ਕੀਤੀ ਗਈ ਸੀ ਅਤੇ ਇਸ ਹਮਲੇ ਨੂੰ ਕੁਝ ਹੱਦ ਤੱਕ ਇਸ ਜੋੜੇ ਦੇ ਦੋ ਬੱਚਿਆਂ ਨੇ ਵੀ ਦੇਖਿਆ ਸੀ, ਜੋ ਸੁਣਵਾਈ ਦੌਰਾਨ ਅਦਾਲਤ ’ਚ ਮੌਜੂਦ ਸਨ।