USA : ਪਿਛਲੇ 24 ਘੰਟਿਆਂ ''ਚ ਘਟੀ ਮੌਤਾਂ ਦੀ ਗਿਣਤੀ, ਢਾਈ ਲੱਖ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ

05/18/2020 8:59:50 AM

ਵਾਸ਼ਿੰਗਟਨ- ਬੀਤੇ 24 ਘੰਟਿਆਂ ਵਿਚ ਅਮਰੀਕਾ ਵਿਚ ਕੋਰੋਨਾ ਕਾਰਨ 820 ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਕੁੱਝ ਸਮੇਂ ਵਿਚ ਇਕ ਦਿਨ ਵਿਚ ਹੋਈਆਂ ਮੌਤਾਂ ਦੇ ਸਭ ਤੋਂ ਘੱਟ ਅੰਕੜਿਆਂ ਵਿਚੋਂ ਇਹ ਇਕ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਅਮਰੀਕਾ ਵਿਚ ਵੀ ਕੋਰੋਨਾ ਵਾਇਰਸ ਦਾ ਖਤਰਾ ਘਟਣ ਲੱਗ ਜਾਵੇਗਾ। ਅਮਰੀਕਾ ਨੇ ਹੁਣ ਤੱਕ 1 ਕਰੋੜ ਲੋਕਾਂ ਦਾ ਕੋਰੋਨਾ ਟੈਸਟ ਕਰ ਲਿਆ ਹੈ, ਜਿਨ੍ਹਾਂ ਵਿਚੋਂ ਲਗਭਗ 14 ਲੱਖ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਮਰੀਕਾ ਵਿਚ ਪੀੜਤਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿਉਂਕਿ ਕਿਸੇ ਵੀ ਦੇਸ਼ ਨਾਲੋਂ ਵੱਧ ਅਮਰੀਕਾ ਵਿਚ ਹੀ ਕੋਰੋਨਾ ਟੈਸਟ ਕੀਤੇ ਗਏ ਹਨ। ਇੱਥੇ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। 

ਅਮਰੀਕਾ ਵਿਚ ਮੌਤਾਂ ਦੀ ਗਿਣਤੀ ਲਗਭਗ 90 ਹਜ਼ਾਰ ਦੇ ਕਰੀਬ ਪੁੱਜ ਗਈ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਮੌਤਾਂ ਦਾ ਅੰਕੜਾ 89,550 ਹੈ ਤੇ ਪੀੜਤਾਂ ਦੀ ਗਿਣਤੀ 14,86,515 ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਇਕੱਲੇ ਨਿਊਯਾਰਕ ਵਿਚ ਹੀ ਕੋਰੋਨਾ ਦੇ 3 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜਰਸੀ ਵਿੱਚ ਹੁਣ ਤੱਕ ਕੋਰੋਨਾ ਇਨਫੈਕਟਡਾਂ ਦੇ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਮਹਾਂਮਾਰੀ ਨਾਲ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਮਿਸ਼ੀਗਨ, ਇਲੀਨੋਇਸ, ਕੈਲੀਫੋਰਨੀਆ, ਲੁਈਸਿਆਨਾ ਅਤੇ ਪੈਨਸਿਲਵੇਨੀਆ ਵਰਗੇ ਸੂਬਿਆਂ ਵਿਚ ਵੀ ਕੋਵਿਡ -19 ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਕੋਰੋਨਾ ਨਾਲ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Lalita Mam

Content Editor

Related News