ਅਮਰੀਕਾ : 6 ਸਾਲ ਦੇ ਵਿਦਿਆਰਥੀ ਨੂੰ ਅੱਤਵਾਦੀ ਸਮਝ ਅਧਿਆਪਕ ਨੇ ਬੁਲਾਈ ਪੁਲਸ

Sunday, Dec 03, 2017 - 05:47 PM (IST)

ਹਿਊਸਟਨ (ਭਾਸ਼ਾ)- ਅਮਰੀਕਾ ਵਿਚ ਦਿਨੋਂ-ਦਿਨ ਭਾਰਤੀਆਂ ’ਤੇ ਨਸਲੀ ਹਮਲੇ ਹੋ ਰਹੇ ਹਨ, ਜਿਸ ਕਾਰਨ ਭਾਈਚਾਰਿਆਂ ’ਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਰਹਿ ਰਹੇ ਭਾਰਤੀ ਲੋਕ ਇੰਨੇ ਸਹਿਮੇ ਹੋਏ ਹਨ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਲੱਗਦਾ ਹੈ। ਹਾਲ ਹੀ ਵਿਚ ਇਕ ਸਟੋਰ ’ਚ ਕੰਮ ਕਰਦੇ ਪੰਜਾਬੀ ਨੌਜਵਾਨ ਨੂੰ ਲੁਟੇਰਿਆਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਭਾਰਤੀਆਂ ਦੇ ਨਾਲ-ਨਾਲ ਹੋਰ ਭਾਈਚਾਰਿਆਂ ਦੇ ਲੋਕ ਵੀ ਅਮਰੀਕਾ ਵਿਚ ਸੁਰੱਖਿਅਤ ਨਹੀਂ ਹਨ।
ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹਿਣ ਵਾਲੇ ਅਮਰੀਕਾ ਵਿਚ ਅਕਸਰ ਹਮਲੇ ਹੁੰਦੇ ਰਹਿੰਦੇ ਹਨ, ਜਿਸ ਕਾਰਨ ਇਸ ਦਾ ਖਾਮਿਆਜ਼ਾ ਉਥੇ ਰਹਿ ਰਹੇ ਪ੍ਰਵਾਸੀਆਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਇਕ ਮੁਸਲਿਮ ਬੱਚੇ ਦੇ ਨਸਲੀ ਹਮਲੇ ਦੇ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ’ਚ ਉਸ ਨੂੰ ਅਧਿਆਪਕ ਵਲੋਂ ਅੱਤਵਾਦੀ ਸਮਝ ਲਿਆ ਗਿਆ ਅਤੇ ਪੁਲਸ ਬੁਲਾਈ ਗਈ।
ਦਰਅਸਲ ਅਮਰੀਕਾ ਦੇ ਇਕ ਸਕੂਲ ’ਚ ਡਾਊਨ ਸਿੰਡਰੋਮ ਵਰਗੀ ਭਿਆਨਕ ਬੀਮਾਰੀ ਨਾਲ ਪੀੜਤ 6 ਸਾਲ ਦੇ ਇਕ ਬੱਚੇ ਵਲੋਂ ਜਮਾਤ ਵਿਚ ਵਾਰ-ਵਾਰ ‘ਅੱਲ੍ਹਾ’ ਅਤੇ ‘ਬੂਮ’ ਸ਼ਬਦ ਕਹੇ ਜਾਣ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਅੱਤਵਾਦੀ ਸਮਝ ਲਿਆ ਅਤੇ ਪੁਲਸ ਬੁਲਾ ਲਈ। ਮੁਹੰਮਦ ਸੁਲੇਮਾਨ ਨਾਂ ਦੇ ਬੱਚੇ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਪੁੱਤਰ ਜਨਮ ਤੋਂ ਹੀ ਡਾਊਨ ਸਿੰਡਰੋਮ ਬੀਮਾਰੀ ਨਾਲ ਪੀੜਤ ਸੀ ਅਤੇ ਉਹ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੈ। ਮੀਡੀਆ ਵਿਚ ਅੱਜ ਆਈ ਰਿਪੋਰਟ ਮੁਤਾਬਕ ਬੱਚੇ ਦੇ ਪਿਤਾ ਨੇ ਕਿਹਾ ਕਿ ਟੈਕਸਾਸ ਦੇ ਹਿਊਸਟਨ ਤੋਂ ਲੱਗਭਗ 20 ਮੀਲ ਦੂਰ ਪੀਰਲੈਂਡ ਸਥਿਤ ਹਾਈ ਸਕੂਲ ’ਚ ਅਧਿਆਪਕ ਨੇ ਪੁਲਸ ਨੂੰ ਬੁਲਾ ਲਿਆ। ਸਕੂਲ ਨੇ ਅਧਿਕਾਰੀ ਨੂੰ ਦੱਸਿਆ ਕਿ ਮੁਹੰਮਦ ਬੋਲ ਸਕਦਾ ਹੈ। ਇਕ ਵੈਬਸਾਈਟ ਦੀ ਖਬਰ ਮੁਤਾਬਕ ਮੁਹੰਮਦ ਦੇ ਪਿਤਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਬਿਲਕੁਲ ਵੀ ਨਹੀਂ ਬੋਲਦਾ ਅਤੇ ਉਹ ਮਾਨਸਿਕ ਬੀਮਾਰੀ ਨਾਲ ਪੀੜਤ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਅਧਿਆਪਕ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਬੱਚਾ ਅੱਤਵਾਦੀ ਹੈ। ਇਹ ਬੇਵਾਕੂਫੀ ਹੈ, ਅਸਲ ’ਚ ਇਹ ਭੇਦਭਾਵ ਹੈ। ਇਹ 100 ਫੀਸਦੀ ਭੇਦਭਾਵ ਹੈ। ਪੀਰਲੈਂਡ ਪੁਲਸ ਨੇ ਕਿਹਾ ਕਿ ਉਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਉਸ ਨੂੰ ਅੱਗੇ ਕਿਸੇ ਕਾਰਵਾਈ ਦੀ ਲੋੜ ਨਹੀਂ ਲੱਗਦੀ। ਹਾਲਾਂਕਿ, ਖੇਤਰ ਦੇ ਬਾਲ ਸੁਰੱਖਿਆ ਸੇਵਾ ਵਿਭਾਗ ਨੇ ਕਿਹਾ ਕਿ ਉਸ ਦੀ ਜਾਂਚ ਜਾਰੀ ਹੈ।


Related News