ਆਕਸਫੋਰਡ ਵਿਗਿਆਨੀ ਦਾ ਦਾਅਵਾ, ਜੂਨ ਤੱਕ ਸਾਹਮਣੇ ਆਵੇਗਾ ਵੈਕਸੀਨ ਦਾ ਰਹੱਸ

Monday, May 04, 2020 - 06:10 PM (IST)

ਆਕਸਫੋਰਡ ਵਿਗਿਆਨੀ ਦਾ ਦਾਅਵਾ, ਜੂਨ ਤੱਕ ਸਾਹਮਣੇ ਆਵੇਗਾ ਵੈਕਸੀਨ ਦਾ ਰਹੱਸ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕੋਰੋਨਾਵਾਇਰਸ ਦੀ ਵੈਕਸੀਨ ਸੰਬੰਧੀ ਇਕ ਰਾਹਤ ਭਰੀ ਖਬਰ ਹੈ। ਇਸ ਦੀ ਵੈਕਸੀਨ ਕਿੰਨੀ ਕਾਰਗਰ ਹੈ ਇਸ 'ਤੇ ਫੈਸਲਾ ਜੂਨ ਮਹੀਨੇ ਵਿਚ ਹੀ ਆ ਜਾਵੇਗਾ। ਇਹ ਗੱਲ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਜੌਨ ਬੇਲ ਨੇ ਐੱਨ.ਬੀ.ਸੀ. ਨਿਊਜ਼ ਚੈਨਲ ਦੇ 'Meet the Press' ਪ੍ਰੋਗਰਾਮ ਵਿਚ ਕਹੀ। ਜੌਨ ਬੇਲ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਾਲੀ ਟੀਮ ਦੀ ਅਗਵਾਈ ਕਰ ਰਹੇ ਹਨ। ਬੇਲ ਨੇ ਕਿਹਾ,''ਸੰਭਵ ਹੈ ਕਿ ਉਹਨਾਂ ਦੀ ਟੀਮ ਨੂੰ ਜੂਨ ਦੀ ਸ਼ੁਰੂਆਤ ਤੱਕ ਇਹ ਪਤਾ ਚੱਲ ਜਾਵੇ ਕਿ ਕੋਰੋਨਾਵਾਇਰਸ ਦੀ ਵੈਕਸੀਨ ਪ੍ਰਭਾਵੀ ਹੈ ਜਾਂ ਨਹੀਂ।''

ਬੇਲ ਨੇ ਕਿਹਾ,''ਮਜ਼ਬੂਤ ਐਂਟੀਬੌਡੀ ਬਣਾਉਣ ਵਿਚ ਇਹ ਵੈਕਸੀਨ ਕਾਫੀ ਪ੍ਰਭਾਵੀ ਹੋ ਸਕਦੀ ਹੈ। ਫਿਰ ਵੀ ਇਹ ਕਿੰਨੀ ਸੁਰੱਖਿਅਤ ਹੋਵੇਗੀ ਇਹ ਯਕੀਨੀ ਕਰਨਾ ਇਕ ਵੱਡਾ ਮੁੱਦਾ ਹੈ। ਵੈਕਸੀਨ ਦੇ ਸੰਬੰਧ ਵਿਚ ਜੋ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਅਸੀਂ ਕਲੀਨਿਕ ਵਿਚ ਬਹੁਤ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ 'ਤੇ ਨਿਗਰਾਨੀ ਰੱਖ ਰਹੇ ਹਾਂ ਅਤੇ ਜੋ ਵੀ ਨਤੀਜਾ ਆਉਂਦਾ ਹੈ ਉਸ ਲਈ ਪੂਰੀ ਤਰ੍ਹਾਂ ਸਾਵਧਾਨ ਹਾਂ।'' ਬੇਲ ਨੇ ਸ਼ੱਕ ਜ਼ਾਹਰ ਕਰਦਿਆਂ ਕਿਹਾ,''ਕੋਰੋਨਾਵਾਇਰਸ ਫਲੂ ਦੀ ਗਤੀ ਨਾਲ ਆਪਣਾ ਰੂਪ ਨਹੀਂ ਬਦਲ ਰਿਹਾ। ਇਸ ਲਈ ਇਸ ਵੈਕਸੀਨ ਦੀ ਮੌਸਮ ਦੇ ਹਿਸਾਬ ਨਾਲ ਕੰਮ ਕਰਨ ਦੀ ਸੰਭਾਵਨਾ ਜ਼ਿਆਦਾ ਹੈ।'' 

ਸ਼ੋਧ ਕਰਤਾ ਨੂੰ ਆਪਣੇ 2 ਪੜਾਆਂ ਦੇ ਪਰੀਖਣਾਂ ਤੋਂ ਕਾਫੀ ਡਾਟਾ ਮਿਲਣ ਦੀ ਆਸ ਹੈ। ਆਕਸਫੋਰਡ ਦਾ ਇਹ ਸਮੂਹ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਇਸ ਦੀ ਪ੍ਰਭਾਵੀ ਅਤੇ ਸੁਰੱਖਿਅਤ ਵੈਕਸੀਨ ਲੱਭਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਿਹਾ ਹੈ। ਐੱਨ.ਬੀ.ਸੀ. ਨਿਊਜ਼ ਦੇ ਮੁਤਾਬਕ ਜਨਵਰੀ ਤੋਂ ਹੁਣ ਤੱਕ 2,44,000 ਤੋਂ ਵਧੇਰੇ ਲੋਕ ਕੋਵਿਡ-19 ਨਾਲ ਮੁਰ ਚੁੱਕੇ ਹਨ ਜਦਕਿ ਦੁਨੀਆ ਭਰ ਵਿਚ 35 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਬੇਲ ਨੇ ਇਹ ਨਹੀਂ ਦੱਸਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਨਾਲ ਕਦੋਂ ਤੱਕ ਬਣ ਜਾਵੇਗੀ ਪਰ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਇਸ ਦਾ ਸੁਰੱਖਿਅਤ ਹੋਣਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1450 ਮੌਤਾਂ, ਪੀੜਤਾਂ ਦਾ ਅੰਕੜਾ 12 ਲੱਖ ਦੇ ਕਰੀਬ

ਉਹਨਾਂ ਨੇ ਦੱਸਿਆ ਕਿ ਆਕਸਫੋਰਡ ਗਰੁੱਪ ਇਸ ਦੀ ਪ੍ਰੀਕਲੀਨਿਕਲ ਸਟੱਡੀ ਪਹਿਲਾਂ ਹੀ ਕਰ ਚੁੱਕਾ ਹੈ ਅਤੇ ਇਸ ਦੀ ਸੁਰੱਖਿਆ ਨੂੰ ਲੈਕੇ ਕਾਫੀ ਸਾਵਧਾਨੀ ਨਾਲ ਅੱਗੇ ਵੱਧ ਰਿਹਾ ਹੈ। ਬੇਲ ਨੇ ਕਿਹਾ,''ਇਹ ਸਾਡੇ ਲਈ ਇਕ ਵੱਡਾ ਮੁੱਦਾ ਹੈ, ਜਿੱਥੇ ਇਕ ਪਾਸੇ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਅਸੀਂ ਇਸ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰ ਸਕਦੇ।'' ਦੁਨੀਆ ਭਰ ਵਿਚ ਕਈ ਪਰੀਖਣਾਂ ਅਤੇ ਵੈਕਸੀਨ ਲਈ ਕੰਮ ਕਰਨ ਵਾਲੇ ਬੇਲ ਦਾ ਕਹਿਣਾ ਹੈ ਕਿ ਜੇਕਰ ਕੋਰੋਨਾਵਾਇਰਸ ਦੀ ਵੈਕਸੀਨ ਸਫਲਤਾਪੂਰਵਕ ਆ ਜਾਂਦੀ  ਹੈ ਤਾਂ ਆਕਸਫੋਰਡ ਸਮੂਹ ਇਹ ਯਕੀਨੀ ਕਰੇਗਾ ਕਿ ਇਹ ਵੱਡੇ ਪੱਧਰ 'ਤੇ ਸਾਰਿਆਂ ਕੋਲ ਪਹੁੰਚੇ। ਇੱਥੇ ਦੱਸ ਦਈਏ ਕਿ ਆਕਸਫੋਰਡ ਦੀ ਇਸ ਵੈਕਸੀਨ ਦਾ ਉਤਪਾਦਨ ਭਾਰਤ ਵਿਚ ਕੀਤਾ ਜਾਵੇਗਾ। ਬੇਲ ਨੇ ਕਿਹਾ,''ਜੇਕਰ ਵੈਕਸੀਨ ਸਫਲ ਹੁੰਦੀ ਹੈ ਤਾਂ ਅਸੀਂ ਚਾਹਾਂਗੇ ਕਿ ਦੁਨੀਆ ਭਰ ਵਿਚ ਇਸ ਦੀ ਪਹੁੰਚ ਹੋਵੇ। ਆਕਸਫੋਰਡ ਟੀਮ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਵਿਕਾਸਸ਼ੀਲ ਦੇਸ਼ ਵੀ ਇਹ ਵੈਕਸੀਨ ਬਣਾਉਣ ਵਿਚ ਪਿੱਛੇ ਨਾ ਰਹਿਣ।


author

Vandana

Content Editor

Related News