ਅਮਰੀਕਾ ''ਚ ਭਾਰਤੀ ਸ਼ਖਸ ਗ੍ਰਿਫਤਾਰ, 400 ਲੋਕਾਂ ਤੋਂ ਠੱਗੇ 8 ਲੱਖ ਡਾਲਰ

01/31/2019 3:53:58 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਭਾਰਤੀ ਨੂੰ 400 ਤੋਂ ਵੱਧ ਲੋਕਾਂ ਤੋਂ ਕਰੀਬ 800,000 ਡਾਲਰ ਠੱਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਜਿਹੜੇ ਲੋਕਾਂ ਨਾਲ ਠੱਗੀ ਕੀਤੀ ਗਈ ਹੈ ਉਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਹਨ। ਕਿਸ਼ੋਰ ਬਾਬੂ ਅੰਮੀਸੇਤੀ (30) ਨੂੰ ਕਥਿਤ 'ਪ੍ਰੋਵਿਜ਼ਨਲ ਕ੍ਰੈਡਿਟ' ਯੋਜਨਾ ਜ਼ਰੀਏ ਧੋਖਾਧੜੀ ਕਰਨ ਦੇ ਦੋਸ਼ ਵਿਚ 25 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮੀਸੇਤੀ ਨੂੰ ਕਨੈਟੀਕਟ ਦੇ ਹਾਰਟਫੋਰਡ ਵਿਚ ਅਮਰੀਕੀ ਮਜਿਸਟ੍ਰੇਟ ਜੱਜ ਡੋਨਾ ਮਾਰਟੀਨੇਜ਼ ਦੇ ਸਾਹਮਣੇ ਬੁੱਧਵਾਰ ਨੂੰ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ ਹਿਰਾਸਤ ਵਿਚ ਲੈਣ ਦਾ ਆਦੇਸ਼ ਦਿੱਤਾ। 

ਫੈਡਰਲ ਵਕੀਲਾਂ ਨੇ ਕਿਹਾ ਕਿ ਅੰਮੀਸੇਤੀ ਸਾਲ 2013 ਵਿਚ ਵਿਦਿਆਰਥੀ ਵੀਜ਼ਾ 'ਤੇ ਅਮਰੀਕਾ ਆਇਆ ਸੀ ਜੋ ਸਾਲ 2014 ਵਿਚ ਰੱਦ ਕਰ ਦਿੱਤਾ ਗਿਆ ਸੀ। ਅੰਮੀਸੇਤੀ ਨੇ ਲੋਕਾਂ ਨਾਲ ਠੱਗੀ ਕਰਨ ਲਈ ਫੇਸਬੁੱਕ ਮਾਰਕੀਟਪਲੇਸ ਅਤੇ ਹੋਰ ਮੀਡੀਆ ਦੀ ਵਰਤੋਂ ਕੀਤੀ ਜੋ ਵੇਚਣ ਲਈ ਸਾਮਾਨ ਅਤੇ ਕਿਰਾਏ ਲਈ ਕਮਰੇ ਦਾ ਵਿਗਿਆਪਨ ਕਰਦੀ ਹੈ। ਇਸ ਯੋਜਨਾ ਜ਼ਰੀਏ ਅੰਮੀਸੇਤੀ ਕੋਈ ਸਾਮਾਨ ਖਰੀਦਣ ਜਾਂ ਕਮਰਾ ਕਿਰਾਏ 'ਤੇ ਲੈਣ ਲਈ ਪੀੜਤ ਨਾਲ ਸੰਪਰਕ ਕਰਦਾ। ਉਹ ਪੀੜਤ ਦੇ ਬੈਂਕ ਖਾਤੇ ਵਿਚ ਪੈਸੇ ਜਮਾਂ ਕਰਾਉਣ ਦੇ ਬਹਾਨੇ ਉਨ੍ਹਾਂ ਦੀ ਬੈਂਕ ਖਾਤਾ ਸੂਚਨਾ ਅਤੇ ਹੋਰ ਨਿੱਜੀ ਜਾਣਕਾਰੀਆਂ ਇਕੱਠੀਆਂ ਕਰ ਲੈਂਦਾ ਸੀ। ਇਸ ਦੇ ਬਾਅਦ ਉਹ ਪੀੜਤ ਦੇ ਬੈਂਕ ਨਾਲ ਸੰਪਰਕ ਕਰਦਾ ਅਤੇ ਖੁਦ ਨੂੰ ਖਾਤਾ ਧਾਰਕ ਦੱਸ ਕੇ ਕਹਿੰਦਾ ਕਿ ਉਸ ਨੇ ਕੁਝ ਰਾਸ਼ੀ ਏ.ਟੀ.ਐੱਮ. ਜ਼ਰੀਏ ਜਮਾਂ ਕੀਤੀ ਸੀ ਪਰ ਉਹ ਰਾਸ਼ੀ ਉਸ ਦੇ ਖਾਤੇ ਵਿਚ ਨਹੀਂ ਪਹੁੰਚੀ। 

ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਇਸ ਜਮਾਂ ਕੀਤੀ ਗਈ ਰਾਸ਼ੀ ਦੀ ਜਾਂਚ ਕਰਦਿਆਂ ਬੈਂਕ ਪੀੜਤ ਦੇ ਖਾਤੇ ਵਿਚ ਪ੍ਰੋਵੀਜ਼ਨਲ ਕ੍ਰੈਡਿਟ ਪਾ ਦਿੰਦਾ। ਇਸ ਮਗਰੋਂ ਅੰਮੀਸੇਤੀ ਪੀੜਤ ਨਾਲ ਸੰਪਰਕ ਕਰਦਾ ਅਤੇ ਦਾਅਵਾ ਕਰਦਾ ਕਿ ਉਸ ਨੇ ਪੀੜਤ ਦੇ ਬੈਂਕ ਖਾਤੇ ਵਿਚ ਗਲਤੀ ਨਾਲ ਪ੍ਰੋਵੀਜ਼ਨਲ ਕ੍ਰੈਡਿਟ ਪਾ ਦਿੱਤਾ। ਇਸ ਦੇ ਬਾਅਦ ਉਹ ਉਸ ਰਾਸ਼ੀ ਨੂੰ ਪੂਰੀ ਜਾਂ ਅੰਸ਼ਕ ਰੂਪ ਨਾਲ ਵਾਪਸ ਕਰਨ ਦੀ ਬੇਨਤੀ ਕਰਦਾ। ਫੈਡਕਲ ਜਾਂਚ ਕਰਤਾਵਾਂ ਨੇ ਕਿਹਾ ਕਿ ਜਦੋਂ ਬੈਂਕ ਜਾਂਚ ਕਰਦਾ ਕਿ ਪੀੜਤ ਦੇ ਖਾਤੇ ਵਿਚ ਕੋਈ ਗੈਰ ਰਸਿਜਟਰਡ ਜਮਾਂ ਰਾਸ਼ੀ ਨਹੀਂ ਹੈ ਤਾਂ ਪ੍ਰੋਵੀਜ਼ਨਲ ਕ੍ਰੈਡਿਟ ਦੇ ਰੂਪ ਵਿਚ ਦਿੱਤਾ ਗਿਆ ਫੰਡ ਖਾਤੇ ਵਿਚੋਂ ਵਾਪਸ ਲੈ ਲਿਆ ਜਾਂਦਾ।


Vandana

Content Editor

Related News