ਅਮਰੀਕਾ ਨੇ ਕੀਤਾ ਪ੍ਰਸਤਾਵ ਪਾਸ, ਚੀਨ ਨੂੰ ਭਾਰਤ ਨਾਲ ਤਣਾਅ ਘਟਾਉਣ ਦੀ ਅਪੀਲ
Thursday, Jul 23, 2020 - 02:42 AM (IST)
ਵਾਸ਼ਿੰਗਟਨ - ਅਮਰੀਕੀ ਪ੍ਰਤੀਨਿਧੀ ਸਭਾ ਨੇ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਵਿਚ ਚੀਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੰਟਰੋਲ ਰੇਖਾ ਨੇੜੇ ਭਾਰਤ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਤਣਾਅ ਘੱਟ ਕਰੇ। ਇਸ ਪ੍ਰਸਤਾਵ ਨੂੰ ਪਾਸ ਕੀਤੇ ਜਾਣ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ ਰਾਸ਼ਟਰੀ ਰੱਖਿਆ ਅਧਿਕਾਰ ਕਾਨੂੰਨ (ਐੱਨ. ਡੀ. ਏ. ਏ.) ’ਚ ਸਰਬਸੰਮਤੀ ਨਾਲ ਸੋਧ ਪਾਰਿਤ ਕੀਤਾ ਸੀ, ਜਿਸ ਵਿਚ ਗਲਵਾਨ ਵਾਦੀ ’ਚ ਭਾਰਤ ਦੇ ਖਿਲਾਫ ਚੀਨ ਦੀ ਹਮਲਾਵਰ ਨੀਤੀ ਅਤੇ ਦੱਖਣ ਚੀਨ ਸਾਗਰ ਵਰਗੇ ਵਿਵਾਦਪੂਰਨ ਖੇਤਰਾਂ ’ਚ ਉਸਦੇ ਵਧਦੇ ਖੇਤਰੀ ਦਬਾਵਾਂ ਨੂੰ ਨਿੰਦਾ ਕੀਤੀ ਗਈ ਹੈ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਦੀ ਅਗਵਾਈ ’ਚ ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ, ਸੰਸਦ ਮੈਂਬਰ ਫਰੈਂਕ ਪੈਲੋਨੇ, ਟੋ. ਸੁਓਜੀ, ਟੇਡ ਯੋਹੋ, ਜਾਰਜ ਹੋਲਡਿੰਗ, ਸ਼ੀਲਾ ਜੈਕਸਨ-ਲੀ, ਹੈਲੀ ਸਟੀਵੰਸ ਅਤੇ ਸਟੀਵ ਸ਼ੈਬੇਟ ਨੇ ਇਹ ਪ੍ਰਸਤਾਵ ਪੇਸ਼ ਕੀਤਾ ਸੀ। ਇਸਨੂੰ ਵਿੱਤ ਸਾਲ 2021 ਲਈ ਐੱਨ. ਡੀ. ਏ. ਏ. ਨਾਲ ਪਾਸ ਕੀਤਾ ਗਿਆ।
ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੂਰਬੀ ਲੱਦਾਖ ’ਚ ਭਾਰਤ ਦੇ ਨਾਲ ਹਿੰਸਕ ਝੜਪ ਸਮੇਤ ਗੁਆਂਢੀ ਦੇਸ਼ਾਂ ਨਾਲ ਚੀਨ ਦੇ ਹਮਲਾਵਰ ਰਵਈਏ ’ਤੇ ਵਾਰ ਕਰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਖੇਤਰ ’ਚ ਚੀਨ ਦੂਸਰੇ ਦੇਸ਼ਾਂ ਨੂੰ ਧਮਕਾ ਅਤੇ ਪ੍ਰੇਸ਼ਾਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੀ. ਐੱਲ. ਏ. ਵਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾ ਮੰਨਣ ਯੋਗ ਵਿਵਹਾਰ ਦਾ ਉਦਾਹਰਨ ਹੈ।
ਲੰਡਨ ’ਚ ਇਕ ਪੱਤਰਕਾਰ ਸੰਮੇਲਨ ’ਚ ਪੋਂਪੀਓ ਨੇ ਕਿਹਾ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਡਾਮਨਿਕ ਰਾਬ ਦੇ ਨਾਲ ਉਨ੍ਹਾਂ ਦੀ ਗੱਲਬਾਤ ’ਚ ਚੀਨ ਪ੍ਰਮੱਖ ਮੁੱਦਿਆਂ ਵਿਚੋਂ ਇਕ ਸੀ। ਪੋਂਪੀਓ ਨੇ ਕਿਹਾ ਕਿ ਤੁਸੀਂ ਉਨ੍ਹਾਂ ਸਮੁੰਦਰੀ ਖੇਤਰਾਂ ਲਈ ਦਾਅਵੇ ਨਹੀਂ ਕਰ ਸਕਦੇ, ਜਿਨ੍ਹਾਂ ’ਤੇ ਤੁਹਾਡਾ ਕੋਈ ਕਾਨੂੰਨੀ ਦਾਅਵਾ ਨਹੀਂ ਹੈ। ਚੀਨ ਦਾ ਸਾਹਮਣਾ ਕਰਨ ਲਈ ਅਤੇ ਕਦਮ ਚੁੱਕਣ ਦੇ ਬ੍ਰਿਟੇਨ ਦੇ ਸਵਾਲ ’ਤੇ ਪੋਂਪੀਓ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਨਾਲ ਨਹੀਂ ਸੋਚਦੇ। ਸਾਡਾ ਮੰਨਣਾ ਹੈ ਕਿ ਦੁਨੀਆ ਨੂੰ ਮਿਲਕੇ ਕੰਮ ਕਰਨ ਦੀ ਲੋੜ ਹੈ, ਚੀਨ ਸਮੇਤ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਪ੍ਰਣਾਲੀ ਦੇ ਤਹਿਤ ਕੰਮ ਕਰਨਾ ਚਾਹੀਦਾ ਹੈ। ਹਾਂਗਕਾਂਗ ਨਾਲ ਹਵਾਲਗੀ ਸੰਧੀ ਮੁੱਅਤਲ ਕਰਨ ਅਤੇ ਫਾਈਵ ਜੀ ਨੈੱਟਵਰਕ ਨਾਲ ਹੁਵਾਵੇ ਨੂੰ ਬਾਹਰ ਕਰਨ ’ਤੇ ਉਨ੍ਹਾਂ ਨੇ ਬ੍ਰਿਟੇਨ ਦੀ ਪ੍ਰਸ਼ੰਸਾ ਵੀ ਕੀਤੀ।