ਅਮਰੀਕਾ: ਲੁਟੇਰਿਆਂ ਨੇ ਭਾਰਤੀ ਮੂਲ ਦੇ ਸਟੋਰ ਮਾਲਕ ਅਤੇ ਕਰਮਚਾਰੀ ਦਾ ਗੋਲੀਆਂ ਮਾਰ ਕੀਤਾ ਕਤਲ
Saturday, Jun 18, 2022 - 02:40 PM (IST)
ਵਰਜੀਨੀਆ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ ਨਿਊਪੋਰਟ ਨਿਊਜ਼ ਵਿਖੇ ਸਥਿਤ ਸੇਵਨ ਇਲੈਵਨ ਨਾਮੀ ਇਕ ਸਟੋਰ 'ਚ ਲੁੱਟ ਦੇ ਇਰਾਦੇ ਨਾਲ ਦਾਖ਼ਲ ਹੋਏ ਕੁਝ ਲੁਟੇਰਿਆਂ ਵੱਲੋਂ ਸਟੋਰ ਦੇ ਮਾਲਿਕ ਅਤੇ ਉਥੇ ਕੰਮ ਕਰਦੇ ਇਕ ਕਰਮਚਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਵਿਅਕਤੀ ਲੁੱਟ ਦੇ ਇਰਾਦੇ ਨਾਲ ਸੇਵਨ ਇਲੈਵਨ ਨਾਂ ਦੇ ਸਟੋਰ 'ਚ ਦਾਖ਼ਲ ਹੋਏ ਅਤੇ ਸੇਵਨ ਇਲੈਵਨ ਸਟੋਰ ਦੇ ਮਾਲਕ 52 ਸਾਲਾ ਗੁਜਰਾਤੀ ਮੂਲ ਦੇ ਭਾਰਤੀ, ਜਿਸ ਦਾ ਨਾਂ ਪ੍ਰਿਆਸ ਪਟੇਲ ਸੀ ਅਤੇ ਸਟੋਰ 'ਚ ਕੰਮ ਕਰਦੇ 35 ਸਾਲਾ ਕਰਮਚਾਰੀ ਲੋਗਨ ਐਡਵਰਡ ਥਾਮਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਥੇ ਇਹ ਸਾਰੀ ਘਟਨਾ ਸਟੋਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਹ ਘਟਨਾ ਬੀਤੀ ਰਾਤ ਲਗਭਗ 11:45 ਦੇ ਕਰੀਬ ਵਾਪਰੀ।
ਪੁਲਸ ਨੂੰ ਮਿਲੀ ਕੈਮਰਿਆਂ ਦੀ ਫੁਟੇਜ ਮੁਤਾਬਕ ਲੁਟੇਰਿਆਂ ਨੇ ਸਟੋਰ ਅੰਦਰ ਦਾਖ਼ਲ ਹੁੰਦੇ ਸਾਰ ਹੀ ਉੱਥੇ ਮੌਜੂਦ ਕਰਮਚਾਰੀ ਐਡਵਰਡ ਥੋਮਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ। ਇਸ ਦੌਰਾਨ ਸਟੋਰ ਮਾਲਕ ਪ੍ਰਿਆਸ ਪਟੇਲ ਨੇ ਆਪਣੇ ਕਰਮਚਾਰੀ ਥੋਮਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਲੁਟੇਰਿਆਂ ਨੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਗਰੋਂ ਲੁਟੇਰੇ ਜਾਂਦੇ ਹੋਏ ਸਟੋਰ ਦਾ ਕੈਸ਼ ਬੋਕਸ ਅਤੇ ਕੁਝ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਸ ਨੂੰ ਇਸ ਘਟਨਾ ਸਬੰਧੀ ਸੂਚਨਾ ਸਟੋਰ 'ਤੇ ਆਏ ਇਕ ਗਾਹਕ ਨੇ ਫੋਨ ਕਰਕੇ ਦਿੱਤੀ। ਮ੍ਰਿਤਕ ਸਟੋਰ ਮਾਲਕ ਪ੍ਰਿਆਸ ਪਟੇਲ 20 ਸਾਲਾਂ ਤੋਂ ਇਹ ਸਟੋਰ ਚਲਾ ਰਹੇ ਸਨ। ਉਨ੍ਹਾਂ ਦਾ ਭਾਰਤ ਤੋਂ ਪਿਛੋਕੜ ਗੁਜਰਾਤ ਦੇ ਸ਼ਹਿਰ ਆਨੰਦ ਨਾਲ ਸੀ।
ਇਹ ਵੀ ਪੜ੍ਹੋ: ਸ਼ਰਧਾਲੂਆਂ ਨਾਲ ਭਰੀ ਬੱਸ ਪਲਟਣ ਕਾਰਨ 9 ਲੋਕਾਂ ਦੀ ਮੌਤ, 40 ਜ਼ਖ਼ਮੀ