PAK ’ਚ ਅਹਿਮਦੀਆ ਭਾਈਚਾਰੇ ਦੀ ਭੈੜੀ ਹਾਲਤ ’ਤੇ ਅਮਰੀਕੀ ਮਾਹਿਰਾਂ ਨੇ ਜਤਾਈ ਚਿੰਤਾ
Wednesday, Jun 23, 2021 - 06:24 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ’ਚ ਰਹਿਣ ਵਾਲੇ ਅਹਿਮਦੀਆ ਮੁਸਲਮਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਤੇ ਅਮਰੀਕੀ ਮਾਹਿਰਾਂ ਨੇ ਉਨ੍ਹਾਂ ਦੀ ਹਾਲਤ ’ਤੇ ਡੁੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਅਮਰੀਕੀ ਮਾਹਿਰਾਂ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਪਾਕਿਸਤਾਨ ’ਚ ਅਹਿਮਦੀਆ ਮੁਸਲਮਾਨਾਂ ਨੂੰ ਸਿਆਸੀ ਤੇ ਸਮਾਜਿਕ ਦੋਵਾਂ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਪਾਕਿਸਤਾਨ ’ਚ ਜ਼ੁਲਿਫਕਾਰ ਅਲੀ ਭੁੱਟੋ ਦੀ ਸਰਕਾਰ ਸੀ ਤਾਂ, ਉਨ੍ਹਾਂ ਨੇ ਪਾਕਿਸਤਾਨ ’ਚ ਦੰਗਾਕਾਰੀ ਵਿਚਾਰਧਾਰਾ ਨੂੰ ਕਾਫੀ ਹਵਾ ਦਿੱਤੀ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਸੰਵਿਧਾਨ ਵਿਚ ਬਦਲਾਅ ਕਰਦਿਆਂ ਲਿਖਵਾਇਆ ਕਿ ਅਹਿਮਦੀਆ ਨੂੰ ਇਸਲਾਮ ਤੋਂ ਬਾਹਰ ਕੀਤਾ ਜਾਂਦਾ ਹੈ ਤੇ ਅਹਿਮਦੀਆ ਨੂੰ ਪਾਕਿਸਤਾਨ ’ਚ ਮੁਸਲਮਾਨ ਨਹੀਂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਇਟਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਇਨ੍ਹਾਂ ਦੇਸ਼ਾਂ ਦੇ ਸੈਲਾਨੀਆਂ ਲਈ ਖੋਲ੍ਹੇ ਬੂਹੇ
ਨਾਕਸ ਥੇਮਸ ਨੇ ਪਾਡਕਾਸਟ ਦੌਰਾਨ ਨੋਬਲ ਪੁਰਸਕਾਰ ਜੇਤੂ ਅਬਦੁਸ ਸਲਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਬਦੁਸ ਸਲਮ ਪਹਿਲੇ ਪਾਕਿਸਤਾਨੀ ਸਨ, ਜਿਨ੍ਹਾਂ ਨੂੰ ਵੱਕਾਰੀ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੇ ਘਰ ਦੇ ਅੰਦਰ ਹੀ ਆਪਣੀ ਖੁਸ਼ੀ ਮਨਾਈ। ਅਜਿਹਾ ਇਸ ਲਈ ਕਿਉਂਕਿ ਉਹ ਅਹਿਮਦੀਆ ਮੁਸਲਿਮ ਸਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ’ਚ ਰਹਿਣ ਵਾਲਾ ਹਰ ਅਹਿਮਦੀਆ ਮੁਸਲਮਾਨ ਕਾਫੀ ਜ਼ਿਆਦਾ ਦੇਸ਼ਭਗਤ ਹੁੰਦੇ ਹਨ, ਉਹ ਆਪਣੇ ਸੰਵਿਧਾਨ ਤੇ ਸਮਾਜ ਨੂੰ ਮੰਨਦੇ ਹਨ ਪਰ ਪਾਕਿਸਤਾਨ ’ਚ ਉਨ੍ਹਾਂ ਦੀ ਨਾ ਇੱਜ਼ਤ ਹੈ ਤੇ ਨਾ ਹੀ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਹਰ ਜਗ੍ਹਾ ਦੁਤਕਾਰ ਦਿੱਤਾ ਜਾਂਦਾ ਹੈ।
ਅਮਰੀਕਾ ਦੇ ਸਾਬਕਾ ਸਲਾਹਕਾਰ ਤੇ ਏਸ਼ੀਆ ’ਚ ਧਾਰਮਿਕ ਘੱਟਗਿਣਤੀ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੇ ਅਧਿਕਾਰੀ ਨਾਕਸ ਥੇਮਸ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪਾਕਿਸਤਾਨ ਦੇ ਅਹਿਮਦੀਆ ਮੁਸਲਮਾਨਾਂ ਨੂੰ ਬੁੁਰੀ ਤਰ੍ਹਾਂ ਨਾਲ ਟਾਰਗੈੱਟ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਈਸ਼ਨਿੰਦਾ ਕਾਨੂੰਨ ’ਚ ਝੂਠਾ ਫਸਾਇਆ ਜਾਂਦਾ ਹੈ ਤੇ ਫਿਰ ਸਾਲਾਂਬੱਧੀ ਜੇਲ ’ਚ ਬੰਦ ਰੱਖਿਆ ਜਾਂਦਾ ਹੈ। ਨਾਕਸ ਥੇਮਸ ਨੇ ਕਿਹਾ ਕਿ ਬਤੌਰ ਅਹਿਮਦੀਆ ਮੁਸਲਮਾਨ ਪਾਕਿਸਤਾਨ ’ਚ ਰਹਿਣ ਵਾਲੇ ਅਹਿਮਦੀਆ ਭਾਈਚਾਰੇ ਦੇ ਲੋਕ ਖੁਦ ਨੂੰ ਮੁਸਲਮਾਨ ਮੰਨਦੇ ਹਨ ਪਰ ਬਤੌਰ ਮੁਸਲਿਮ ਹੋ ਕੇ ਉਨ੍ਹਾਂ ਦਾ ਪਾਕਿਸਤਾਨ ’ਚ ਰਹਿਣਾ ਬਹੁਤ ਖਤਰਨਾਕ ਹੈ। ਉਨ੍ਹਾਂ ਦੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸਲਾਮਿਕ ਵਿਚਾਰਧਾਰਾ ’ਚ ਅਹਿਮਦੀਆ ਨੂੰ ਮੁਸਲਿਮ ਨਹੀਂ ਮੰਨਿਆ ਜਾਂਦਾ ਹੈ। ਅਹਿਮਦੀਆ ਵਿਚਾਰਧਾਰਾ ਨੂੰ ਇਸਲਾਮ ਤੋਂ ਬਾਹਰ ਦਾ ਹਿੱਸਾ ਮੰਨਿਆ ਜਾਂਦਾ ਹੈ ਪਰ ਪਾਕਿਸਤਾਨ ਦੇ ਅੰਦਰ ਤਾਂ ਉਨ੍ਹਾਂ ਦੀ ਹੋਂਦ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ
ਉਨ੍ਹਾਂ ਨਾਲ ਬਹੁਤ ਘਟੀਆ ਸਲੂਕ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਈਸ਼ਨਿੰਦਾ ਦੇ ਝੂਠੇ ਦੋਸ਼ਾਂ ’ਚ ਫਸਾਉਣਾ ਬਹੁਤ ਆਸਾਨ ਹੈ। ਅਮਰੀਕਾ ਦੇ ਏਸ਼ੀਆ ਮਾਮਲਿਆਂ ਦੇ ਸਾਬਕਾ ਡਿਪਲੋਮੈਟ ਨਾਕਸ ਥੇਮਸ ਨੇ ਪਾਕਿਸਤਾਨ ਦੇ ਲਾਹੌਰ ’ਚ 1953 ’ਚ ਹੋਏ ਦੰਗੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੰਗੇ ’ਚ ਹਜ਼ਾਰਾਂ ਅਹਿਮਦੀਆ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ ਤੇ ਹਜ਼ਾਰਾਂ ਅਹਿਮਦੀਆਂ ਨੂੰ ਪੁੂਰੀ ਤਰ੍ਹਾਂ ਨਾਲ ਉਜਾੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 1953 ’ਚ ਅਹਿਮਦੀਆਂ ਦੇ ਨਾਲ ਹੋਏ ਕਤਲੇਆਮ ਤੋਂ ਬਾਅਦ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਨ੍ਹਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਝੂਠੇ ਮਾਮਲਿਆਂ ’ਚ ਫਸਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਥੇ ਹੀ ਪਾਕਿਸਤਾਨ ਦੇ ਕੱਪੜਾ ਉਦਯੋਗ ’ਚ ਇਕ ਤਰ੍ਹਾਂ ਨਾਲ ਅਹਿਮਦੀਆ ਮੁਸਲਮਾਨਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਅਹਿਮਦੀਆ ਮੁਸਲਿਮਾਂ ਨੂੰ ਨਾ ਬੋਲਣ ਦਾ ਅਧਿਕਾਰ ਹੈ ਤੇ ਨਾ ਹੀ ਆਪਣੀ ਆਵਾਜ਼ ਉਠਾਉਣ ਦਾ। ਉਨ੍ਹਾਂ ਨੂੰ ਸਮਾਜ ਤੋਂ ਵੱਖ ਰÇੱਖਆ ਜਾਂਦਾ ਹੈ। ਉਨ੍ਹਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਹੈ ਤੇ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਪਾਕਿਸਤਾਨ ਦੀ ਸੰਸਦ ਨੇ ਹੀ ਅਹਿਮਦੀਆਂ ਨੂੰ ਮੁਸਲਿਮ ਹੋਣ ਦਾ ਦਰਜਾ ਖੋਹਿਆ ਹੈ ਤੇ ਉਨ੍ਹਾਂ ਕੋਲ ਕੋਈ ਸੰਵਿਧਾਨਿਕ ਅਧਿਕਾਰ ਨਹੀਂ ਹੈ।